ਪੜਚੋਲ ਕਰੋ
ਸਿੱਖ ਕਤਲੇਆਮ ਦੇ ਜ਼ਖ਼ਮਾਂ 'ਤੇ 34 ਸਾਲ ਬਾਅਦ ਵੀ ਨਹੀਂ ਲੱਗੀ ਇਨਸਾਫ਼ ਦੀ ਮੱਲ੍ਹਮ
ਰਵੀ ਇੰਦਰ ਸਿੰਘ
ਚੰਡੀਗੜ੍ਹ: 31 ਅਕਤੂਬਰ 1984 ਨੂੰ ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਇੱਕ ਦਿਨ ਬਾਅਦ ਸਿੱਖਾਂ ਲਈ ਕਾਲ਼ਾ ਸੂਰਜ ਚੜ੍ਹਿਆ। ਪਹਿਲੀ ਨਵੰਬਰ 1984 ਨੂੰ ਦੁਨੀਆ ਦੇ ਇਤਿਹਾਸ ਦੇ ਸਭ ਤੋਂ ਵਹਿਸ਼ੀਆਨਾ ਕਤਲੇਆਮ ਦੀ ਸ਼ੁਰੂਆਤ ਹੋਈ। ਦੇਸ਼ ਦੀ ਰਾਖੀ ਲਈ ਦੁਸ਼ਮਣ ਦੀਆਂ ਗੋਲ਼ੀਆਂ ਅੱਗੇ ਛਾਤੀਆਂ ਡਾਹੁਣ ਵਾਲੇ ਸਿੱਖਾਂ ਦੀਆਂ ਲਾਸ਼ਾਂ ਦਿੱਲੀ ਸ਼ਹਿਰ ਦੀਆਂ ਗਲ਼ੀਆਂ ਵਿੱਚ ਖਿਲਾਰੀਆਂ ਪਈਆਂ ਸਨ। 34 ਸਾਲ ਬਾਅਦ ਵੀ ਦਿੱਲੀ ਵੱਲੋਂ ਦਿੱਤਾ ਦਰਦ ਹਾਲੇ ਵੀ ਕਤਲੇਆਮ ਪੀੜਤਾਂ ਦੇ ਜ਼ਿਹਨ 'ਚ ਤਾਜ਼ਾ ਹੈ।
ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ਦੇ ਬਲਾਕ 32 ਵਿੱਚ ਕਾਫੀ ਸਿੱਖ ਪਰਿਵਾਰ ਘੁੱਗ ਵੱਸਦੇ ਸਨ ਪਰ ਹੁਣ ਇੱਥੋਂ ਬਚੇ ਕਿਸਮਤ ਵਾਲੇ ਸਿੱਖਾਂ ਨੂੰ ਤਿਲਕ ਵਿਹਾਰ ਦੀ ਰੀਸੈਟਲਮੈਂਟ ਕਾਲੋਨੀ ਵਿੱਚ ਰੱਖਿਆ ਹੈ। ਇੱਥੇ ਰਹਿੰਦੀਆਂ ਗੋਪੀ ਕੌਰ ਤੇ ਵਿੱਦਿਆ ਦੇਵੀ ਨੇ ਇਨਸਾਨਾਂ ਨੂੰ ਰਾਖ਼ਸ਼ਾਂ ਵਾਲਾ ਵਿਹਾਰ ਕਰਦੇ ਹੋਏ ਅੱਖੀਂ ਦੇਖਿਆ। ਵਿੱਦਿਆ ਦੇਵੀ ਮੁਤਾਬਕ ਉਨ੍ਹਾਂ ਦੇ ਪਤੀ ਗੁਆਂਢੀਆਂ ਦੇ ਘਰ ਵਿੱਚ ਲੁਕੇ ਸਨ, ਪਰ ਮੁਹੱਲੇ ਦੇ ਹੀ ਕੁਝ ਲੋਕਾਂ ਨੇ ਇਸ ਦੀ ਖ਼ਬਰ ਭੀੜ ਨੂੰ ਦੇ ਦਿੱਤੀ।
ਯੋਜਨਾਬੱਧ ਤਰੀਕੇ ਨਾਲ ਕੀਤੀ ਕਤਲੋਗਾਰਤ ਤੋਂ ਇਲਾਵਾ ਦਿੱਲੀ ਵਿੱਚ ਵੱਸਦੇ ਸਿੱਖਾਂ ਦੀ ਪੂਰੀ ਇੱਕ ਪੀੜ੍ਹੀ ਬੇਹੱਦ ਜ਼ਿਆਦਾ ਮਾਨਸਿਕ ਤਸ਼ੱਦਦ ਵਿੱਚੋਂ ਗੁਜ਼ਰੀ ਹੈ। ਇਹ ਪੀੜ੍ਹੀ ਨਾ ਤਾਂ ਠੀਕ ਤਰੀਕੇ ਨਾਲ ਪੜ੍ਹ-ਲਿਖ ਪਾਈ ਹੈ ਤੇ ਨਾ ਹੀ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕੀ ਹੈ। ਘਰ ਦੇ ਮੁਖੀ ਦੇ ਚਲੇ ਜਾਣ ਤੋਂ ਬਾਅਦ ਪਰਿਵਾਰ ਦੇ ਬਾਕੀ ਜੀਆਂ ਦੀ ਜ਼ਿੰਦਗੀ ਕਦੇ ਵੀ ਸੰਭਲ ਨਹੀਂ ਸਕੀ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਡੀ ਗਿਣਤੀ 'ਚ ਸਿੱਖਾਂ ਦੇ ਕਤਲ ਹੋਏ। ਸਰਕਾਰੀ ਅੰਕੜਿਆਂ ਮੁਤਾਬਕ ਦਿੱਲੀ ਵਿੱਚ 2700 ਤੋਂ ਵੱਧ ਸਿੱਖਾਂ ਦੀ ਹੱਤਿਆ ਹੋਈ, ਪਰ ਮੌਤਾਂ ਦੀ ਗਿਣਤੀ 'ਤੇ ਹਾਲੇ ਵੀ ਵਿਵਾਦ ਹੈ। ਲੁਧਿਆਣਾ ਦੇ ਮਨਵਿੰਦਰ ਸਿੰਘ ਗਿਆਸਪੁਰਾ ਦੱਸਦੇ ਹਨ ਕਿ ਉਹ ਪੰਜਾਬ ਵਿੱਚ ਆਰਾਮ ਨਾਲ ਰਹਿ ਰਹੇ ਸਨ ਪਰ ਉਨ੍ਹਾਂ ਨੂੰ ਸਾਲ 2011 ਵਿੱਚ ਪਤਾ ਲੱਗਿਆ ਕਿ ਉਨ੍ਹਾਂ ਦਾ ਪਰਿਵਾਰ ਹਰਿਆਣਾ ਦੇ ਰੇਵਾੜੀ ਸ਼ਹਿਰ ਵਿੱਚ ਚਿੱਲ੍ਹੜ ਪਿੰਡ ਰਹਿੰਦਾ ਸੀ ਤੇ 1984 ਦੇ ਕਤਲੇਆਮ ਦੀ ਭੇਟ ਚੜ੍ਹ ਚੁੱਕਿਆ ਸੀ। ਮਨਵਿੰਦਰ ਸਿੰਘ ਨੇ ਨਿਆਂ ਲਈ ਕਾਨੂੰਨੀ ਲੜਾਈ ਛੇੜੀ ਹੋਈ ਹੈ।ਇਹ ਵੀ ਪੜ੍ਹੋ: ਕੈਪਟਨ ਵੱਲੋਂ 1984 ਸਿੱਖ ਕਤਲੇਆਮ 'ਚ ਕਾਂਗਰਸ 'ਦੋਸ਼-ਮੁਕਤ' ਕਰਾਰ
ਕਾਂਗਰਸ ਰਾਜ ਵਿੱਚ ਹਜ਼ਾਰਾਂ ਸਿੱਖਾਂ ਦੇ ਕਤਲ ਦੇ ਬਾਵਜੂਦ ਰਾਜੀਵ ਗਾਂਧੀ ਨੇ ਤਿੰਨ ਨਵੰਬਰ 1984 ਨੂੰ ਦਿੱਲੀ ਵਿੱਚ ਭਾਸ਼ਣ ਦਿੰਦਿਆਂ ਇਨ੍ਹਾਂ ਕਤਲਾਂ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ। ਗਾਂਧੀ ਨੇ ਕਿਹਾ ਸੀ ਕਿ ਜਦ ਇੱਕ ਵੱਡਾ ਰੁੱਖ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਸਵਾਲ ਇਹ ਉੱਠਦਾ ਹੈ ਕਿ ਕਈ ਹਜ਼ਾਰ ਸਿੱਖ ਦਿਨ ਦਿਹਾੜੇ ਕਤਲ ਕਰ ਦਿੱਤੇ, ਕਿਸ ਨੇ ਮਾਰੇ, ਕਿਓਂ ਮਾਰੇ, ਇਹ ਜਵਾਬ ਸਿੱਖਾਂ ਨੂੰ ਹਾਲੇ ਤਕ ਨਹੀਂ ਮਿਲਿਆ। ਹਰ ਸਾਲ ਇੱਕ ਤੋਂ ਲੈ ਕੇ ਤਿੰਨ ਨਵੰਬਰ ਤਕ ਗੁਰੂ ਘਰਾਂ ਵਿੱਚ ਵਿਸ਼ੇਸ਼ ਪਾਠ ਹੁੰਦੇ ਹਨ, ਇਨਸਾਫ਼ ਦੀ ਪ੍ਰਾਪਤੀ ਲਈ ਅਰਦਾਸਾਂ ਹੁੰਦੀਆਂ ਹਨ। ਇਨਸਾਫ਼ ਤਾਂ ਦੂਰ ਦੀ ਗੱਲ ਸਰਕਾਰਾਂ ਨੇ ਉੱਜੜੇ ਸਿੱਖਾਂ ਦੇ ਮੁੜ ਵਸੇਬੇ ਲਈ ਵੀ ਲੋੜੀਂਦੇ ਯਤਨ ਨਹੀਂ ਕੀਤੇ। ਪੀੜਤਾਂ ਨੂੰ ਨੌਕਰੀਆਂ ਬਿਲਕੁਲ ਨਹੀਂ ਮਿਲੀਆਂ ਤੇ ਮੁਆਵਜ਼ੇ ਖੁਣੋਂ ਵੀ ਕਈ ਬਾਕੀ ਰਹਿੰਦੇ ਹਨ। ਇੰਨਾ ਤਸ਼ੱਦਦ ਝੱਲ ਵੀ ਪੂਰੀ ਸਰਕਾਰਾਂ ਤੇ ਨਿਆਂ ਪਾਲਿਕਾ ਤੋਂ ਇਨਸਾਫ਼ ਦੀ ਆਸਵੰਦ ਸਿੱਖ ਕੌਮ ਸਰਬੱਤ ਦੇ ਭਲੇ ਲਈ ਅਰਦਾਸ ਕਰਨਾ ਬਿਲਕੁਲ ਨਹੀਂ ਭੁੱਲਦੀ।ਇਹ ਵੀ ਪੜ੍ਹੋ: 1984 ਸਿੱਖ ਕਤਲੇਆਮ ਕੇਸਾਂ ਦੇ ਨਿਬੇੜੇ ਲਈ ਰੋਜ਼ ਲੱਗੇਗੀ ਅਦਾਲਤ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement