ਨਵੀਂ ਦਿੱਲੀ: ਸਟੈਂਡ ਅੱਪ ਕਾਮੇਡੀਅਨ ਕੁਣਾਲ ਕਾਮਰਾ ਵਿਰੁੱਧ ਸੁਪਰੀਮ ਕੋਰਟ ਦੀ ਉਲੰਘਣਾ ਦਾ ਮੁਕੱਦਮਾ ਦਾਇਰ ਕਰ ਦਿੱਤਾ ਗਿਆ ਹੈ। ਤਿੰਨ ਵਕੀਲਾਂ ਤੇ ਕਾਨੂੰਨ ਦੇ ਦੋ ਵਿਦਿਆਰਥੀਆਂ ਨੇ ਇਸ ਸਬੰਧੀ ਪਟੀਸ਼ਨ ਦਾਇਰ ਕੀਤੀ ਹੈ। ਕੱਲ੍ਹ ਹੀ ਅਟਾਰਨੀ ਜਨਰਲ ਕੇਕੇ ਵੇਣੂਗੋਪਾਲ ਨੇ ਉਲੰਘਣਾ ਦੇ ਮੁਕੱਦਮੇ ਲਈ ਸਹਿਮਤੀ ਦਿੱਤੀ ਸੀ।


ਇਸ ਦੌਰਾਨ ਕੁਣਾਲ ਕਾਮਰਾ ਨੇ ਆਪਣਾ ਵਿਵਾਦਗ੍ਰਸਤ ਟਵੀਟ ਹਟਾਉਣ ਜਾਂ ਉਸ ਲਈ ਮਾਫ਼ੀ ਮੰਗਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਕੁਣਾਲ ਨੇ ਕਿਹਾ ਹੈ ਕਿ ਉਨ੍ਹਾਂ ਜੋ ਟਵੀਟ ਕੀਤੇ ਸਨ, ਉਹ ਅਦਾਲਤ ਵੱਲੋਂ ਪ੍ਰਾਈਮ ਟਾਈਮ ਦੇ ਲਾਊਡਸਪੀਕਰ ਦੇ ਪੱਖ ਵਿੱਚ ਦਿੱਤੇ ਗਏ ਅੰਤ੍ਰਿਮ ਫ਼ੈਸਲੇ ਬਾਰੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਨਜ਼ਰੀਆ ਨਹੀਂ ਬਦਲਿਆ ਕਿਉਂਕਿ ਦੂਜਿਆਂ ਦੀ ਨਿੱਜੀ ਆਜ਼ਾਦੀ ਦੇ ਮਾਮਲਿਆਂ ਉੱਤੇ ਸੁਪਰੀਮ ਕੋਰਟ ਦੀ ਖ਼ਾਮੋਸ਼ੀ ਆਲੋਚਨਾ ਦੇ ਘੇਰੇ ਤੋਂ ਬਾਹਰ ਨਹੀਂ ਰਹਿ ਸਕਦੀ।

ਦੱਸ ਦੇਈਏ ਕਿ ਇਸ ਵਰ੍ਹੇ ਦੀ ਸ਼ੁਰੂਆਤ ’ਚ ਇੰਡੀਗੋ ਦੀ ਇੱਕ ਉਡਾਣ ’ਚ ਅਰਨਬ ਗੋਸਵਾਮੀ ਨਾਲ ਬਹਿਸ ਕਾਰਨ ਕਾਮਰਾ ਉੱਤੇ ਕਈ ਏਅਰਲਾਈਨਜ਼ ਨੇ ਪਾਬੰਦੀ ਲਾ ਦਿੱਤੀ ਸੀ। ਕਾਮਰਾ ਨੇ ਵਕੀਲ ਪ੍ਰਸ਼ਾਂਤ ਭੂਸ਼ਣ ਵਿਰੁੱਧ ਉਲੰਘਣਾ ਦੀ ਕਾਰਵਾਈ ਦਾ ਵੀ ਜ਼ਿਕਰ ਕੀਤਾ ਹੈ। ਭੂਸ਼ਣ ਨੇ ਵੀ ਆਪਣੇ ਟਵੀਟ ਲਈ ਅਦਾਲਤ ਤੋਂ ਮਾਫ਼ੀ ਮੰਗਣ ਤੋਂ ਨਾਂਹ ਕਰ ਦਿੱਤੀ ਸੀ ਤੇ ਉਨ੍ਹਾਂ ਨੂੰ ਉਲੰਘਣਾ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ।

ਕਾਮਰਾ ਨੇ ਕਿਹਾ ਕਿ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਨੂੰ ਚੁਣੌਤੀ, ਚੋਣ ਬਾਂਡ ਦੀ ਵੈਧਤਾ ਦੇ ਮਾਮਲਿਆਂ ਵੱਲ ਵਧੇਰੇ ਧਿਆਨ ਦੇਣ ਦੀ ਥਾਂ ਹੁਣ ਹਾਸਰਸ ਕਲਾਕਾਰਾਂ ਤੇ ਵਿਅੰਗਕਾਰਾਂ ਦੇ ਮਾਮਲੇ ਅਦਾਲਤ ਸਾਹਮਣੇ ਸੂਚੀਬੱਧ ਕੀਤੇ ਜਾ ਰਹੇ ਹਨ।