Nipah virus in India: ਕੇਰਲ 'ਚ ਨਿਪਾਹ ਵਾਇਰਸ ਦੇ ਆਉਣ ਨਾਲ ਪੂਰੇ ਦੇਸ਼ 'ਚ ਡਰ ਦਾ ਮਾਹੌਲ ਹੈ। ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਦੌਰਾਨ ਦੇਸ਼ ਦੇ ਮਸ਼ਹੂਰ ਮਹਾਂਮਾਰੀ ਵਿਗਿਆਨੀ ਰਮਨ ਗੰਗਾਖੇਡਕਰ ਨੇ ਨਿਪਾਹ ਵਾਇਰਸ ਦੇ ਬੰਗਲਾਦੇਸ਼ੀ ਸਟ੍ਰੇਨ ਬਾਰੇ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਸਟ੍ਰੇਨ ਇੰਨਾ ਖ਼ਤਰਨਾਕ ਹੈ ਕਿ ਇਹ ਸੰਕਰਮਿਤ 10 ਵਿੱਚੋਂ 9 ਲੋਕਾਂ ਦੀ ਜਾਨ ਲੈ ਸਕਦਾ ਹੈ। ਮਾਹਿਰ ਗੰਗਾਖੇਡਕਰ ਨੇ ਕਿਹਾ ਕਿ ਇਹ ਪਤਾ ਲਾਉਣਾ ਬਹੁਤ ਜ਼ਰੂਰੀ ਹੈ ਕਿ ਦੇਸ਼ ਵਿੱਚ ਇਹ ਵਾਇਰਸ ਕਿੱਥੋਂ ਆਇਆ ਹੈ।



ਰਮਨ ਗੰਗਾਖੇਡਕਰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਵਿੱਚ ਮਹਾਂਮਾਰੀ ਵਿਗਿਆਨ ਤੇ ਕਮਿਊਨੀਕੇਬਲ ਰੋਗ ਵਿਭਾਗ ਦੇ ਮੁਖੀ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਸਾਡੀ ਮੁੱਖ ਤਰਜੀਹ ਨਿਪਾਹ ਵਾਇਰਸ ਦੇ ਮੂਲ ਦਾ ਪਤਾ ਲਾਉਣਾ, ਆਸ-ਪਾਸ ਦੇ ਸਾਰੇ ਜਾਨਵਰਾਂ ਦੀ ਜਾਂਚ ਕਰਨਾ ਤੇ ਸਾਰੀਆਂ ਮੈਡੀਕਲ ਸਹੂਲਤਾਂ ਨੂੰ ਤਿਆਰ ਰੱਖਣਾ ਹੈ।



ਬੰਗਲਾਦੇਸ਼ ਦਾ ਸਟ੍ਰੇਨ ਘਾਤਕ: ਰਮਨ ਗੰਗਾਖੜੇਕਰ



13 ਸਤੰਬਰ ਨੂੰ ਕੇਰਲ ਦੀ ਸਿੱਖਿਆ ਮੰਤਰੀ ਵੀਨਾ ਜਾਰਜ ਨੇ ਕਿਹਾ ਸੀ ਕਿ ਰਾਜ ਵਿੱਚ ਪਾਏ ਗਏ ਨਿਪਾਹ ਵਾਇਰਸ ਦੀ ਪਛਾਣ ਬੰਗਲਾਦੇਸ਼ ਤੋਂ ਆਏ ਸਟ੍ਰੇਨ ਵਜੋਂ ਹੋਈ ਹੈ। ਰਮਨ ਗੰਗਾਖੇਡਕਰ ਨੇ ਕਿਹਾ ਕਿ ਇਹ ਸਟ੍ਰੇਨ ਪਹਿਲਾਂ ਸਾਹ ਦੀ ਸਮੱਸਿਆ ਪੈਦਾ ਕਰਦਾ ਹੈ। ਇਸ ਲਈ ਮਰੀਜ਼ ਨੂੰ ਵੈਂਟੀਲੇਟਰ 'ਤੇ ਲਿਜਾਣਾ ਪੈਂਦਾ ਹੈ। ਬੰਗਲਾਦੇਸ਼ੀ ਸਟ੍ਰੇਨ ਕਿੰਨਾ ਖ਼ਤਰਨਾਕ ਹੈ, ਇਸ ਬਾਰੇ ਮਾਹਿਰ ਗੰਗਾਖੇਡਕਰ ਨੇ ਕਿਹਾ ਕਿ ਮਲੇਸ਼ੀਆ ਦਾ ਸਟ੍ਰੇਨ ਨਿਊਰੋਲੌਜੀਕਲ ਲੱਛਣਾਂ ਦਾ ਕਾਰਨ ਬਣਦਾ ਹੈ, ਪਰ ਬੰਗਲਾਦੇਸ਼ੀ ਸਟ੍ਰੇਨ ਘਾਤਕ ਹੈ ਤੇ ਇਸ ਨਾਲ ਮੌਤ ਦਰ ਉੱਚ ਹੁੰਦੀ ਹੈ। ਇਹ 10 ਵਿੱਚੋਂ 9 ਸੰਕਰਮਿਤ ਲੋਕਾਂ ਨੂੰ ਮਾਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪਹਿਲੇ ਪ੍ਰਕੋਪ ਦੌਰਾਨ, 23 ਸੰਕਰਮਿਤ ਲੋਕਾਂ ਵਿੱਚੋਂ 89 ਪ੍ਰਤੀਸ਼ਤ ਦੀ ਮੌਤ ਹੋਈ ਸੀ।



ਰਾਜ ਵਿੱਚ ਕੋਈ ਨਵਾਂ ਕੇਸ ਨਹੀਂ: ਵੀਨਾ ਜਾਰਜ



ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੀਨਾ ਜਾਰਜ ਨੇ ਕਿਹਾ ਕਿ ਨਿਪਾਹ ਵਾਇਰਸ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ, ਜਦੋਂਕਿ ਸੰਕਰਮਿਤ ਲੋਕਾਂ ਦੇ ਸੰਪਰਕ ਵਿੱਚ ਆਏ ਪੰਜ ਹੋਰ ਲੋਕਾਂ ਵਿੱਚ ਬਿਮਾਰੀ ਦੇ ਕੁਝ ਲੱਛਣ ਦਿਖਾਈ ਦਿੱਤੇ ਹਨ। ਵੀਨਾ ਜਾਰਜ ਨੇ ਕੱਲ ਸ਼ਾਮ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਸੂਬੇ ਲਈ ਰਾਹਤ ਦੀ ਗੱਲ ਹੈ ਕਿ ਇਨਫੈਕਸ਼ਨ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਜਾਂਚ ਲਈ ਭੇਜੇ ਗਏ 51 ਸੈਂਪਲਾਂ ਦੇ ਨਤੀਜਿਆਂ ਦੀ ਉਡੀਕ ਹੈ।


 


ਫਿਲਹਾਲ ਸੂਬੇ 'ਚ ਨਿਪਾਹ ਇਨਫੈਕਸ਼ਨ ਦੇ 6 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਛੇ ਵਿੱਚੋਂ ਦੋ ਦੀ ਮੌਤ ਹੋ ਗਈ ਹੈ। ਮੰਤਰੀ ਨੇ ਕਿਹਾ ਕਿ ਸੰਕਰਮਿਤ ਲੋਕਾਂ ਦੇ ਸੰਪਰਕ ਵਿੱਚ ਆਉਣ ਦੇ ਸ਼ੱਕੀ ਲੋਕਾਂ ਦੀ ਗਿਣਤੀ ਵਧ ਕੇ 1,192 ਹੋ ਗਈ ਹੈ, ਜਿਨ੍ਹਾਂ ਵਿੱਚੋਂ ਸ਼ਨੀਵਾਰ ਨੂੰ 97 ਦਾ ਪਤਾ ਲਗਾਇਆ ਗਿਆ ਸੀ। ਇਸ ਤੋਂ ਇਲਾਵਾ, ਕੰਟੇਨਮੈਂਟ ਜ਼ੋਨਾਂ ਵਿੱਚ ਹੁਣ ਤੱਕ 22,208 ਘਰਾਂ ਦੀ ਨਿਗਰਾਨੀ ਕੀਤੀ ਜਾ ਚੁੱਕੀ ਹੈ। ਵੀਨਾ ਜਾਰਜ ਨੇ ਇਹ ਵੀ ਕਿਹਾ ਕਿ ਹੁਣ ਤੱਕ ਦੇ ਸਾਰੇ ਮਾਮਲੇ 30 ਅਗਸਤ ਨੂੰ ਮਰਨ ਵਾਲੇ ਪਹਿਲੇ ਸੰਕਰਮਿਤ ਮਰੀਜ਼ ਦੇ ਸੰਪਰਕ ਕਾਰਨ ਸਨ।