ਨਵੀਂ ਦਿੱਲੀ: ਮੋਦੀ ਸਰਕਾਰ ਵੱਲੋਂ ਐਨਆਰਸੀ, ਸੀਏਏ ਤੇ ਹੁਣ ਐਨਪੀਆਰ ਨੂੰ ਹਰੀ ਝੰਡੀ ਦੇਣ ਮਗਰੋਂ ਦੇਸ਼ ਵਿੱਚ ਕਈ ਸਵਾਲ ਉੱਠਣ ਲੱਗੇ ਹਨ। ਸਭ ਤੋਂ ਅਹਿਮ ਸਵਾਲ ਹੈ ਕਿ ਆਖਰ ਮੋਦੀ ਸਰਕਾਰ ਇਨ੍ਹਾਂ ਨਵੇਂ ਨਿਯਮਾਂ ਨਾਲ ਕੀ ਕਰਨਾ ਚਾਹੁੰਦੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਮੋਦੀ ਸਰਕਾਰ ਕੁਝ ਛੁਪਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ। ਇਸ ਦਾ ਖੁਲਾਸਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਾਅਵੇ ਤੋਂ ਕੁਝ ਘੰਟਿਆਂ ਬਾਅਦ ਹੀ ਹੋ ਗਿਆ।


ਦਰਅਸਲ ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਰਾਮ ਲੀਲਾ ਮੈਦਾਨ ’ਚ ਰੈਲੀ ਦੌਰਾਨ ਇਸ ਗੱਲ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਸੀ ਕਿ ਕੌਮੀ ਨਾਗਰਿਕਤਾ ਰਜਿਸਟਰ (ਐਨਆਰਸੀ) ਬਾਰੇ ਅਜੇ ਤੱਕ ਸਰਕਾਰ ਨੇ ਕੋਈ ਵਿਚਾਰ ਨਹੀਂ ਕੀਤਾ। ਜਦਕਿ ਭਾਰਤ ਦੀ ਜਨਗਣਨਾ ਬਾਰੇ ਸਰਕਾਰੀ ਵੈੱਬਸਾਈਟ ’ਤੇ ਐਨਪੀਆਰ (ਅਬਾਦੀ ਰਜਿਸਟਰ) ਨੂੰ ‘ਐਨਆਰਸੀ ਬਣਾਉਣ ਵੱਲ ਪਹਿਲਾ ਕਦਮ ਦੱਸਿਆ ਗਿਆ ਹੈ।’ ਇਸ ਦਾ ਮਤਲਬ ਹੈ ਕਿ ਐਨਆਰਸੀ ਲਈ ਹੀ ਐਨਪੀਆਰ ਲਾਗੂ ਕੀਤਾ ਜਾ ਰਿਹਾ ਹੈ। ਉਂਝ ਐਨਪੀਆਰ ਯੂਪੀਏ ਸਰਕਾਰ ਵੱਲੋਂ 2010 ’ਚ ਆਰੰਭਿਆ ਗਿਆ ਸੀ ਤੇ 2015 ਵਿੱਚ ਅਪਡੇਟ ਕੀਤਾ ਗਿਆ ਸੀ।

ਦਿਲਚਸਪ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਦਾਅਵਾ ਕੀਤਾ ਹੈ ਕਿ ਕੌਮੀ ਅਬਾਦੀ ਰਜਿਸਟਰ (ਐਨਪੀਆਰ) ਨੂੰ ਅਪਡੇਟ ਕਰਨ ਦੌਰਾਨ ਇਕੱਤਰ ਕੀਤੀ ਜਾਣ ਵਾਲੀ ਜਾਣਕਾਰੀ (ਡੇਟਾ) ਦੇ ਆਧਾਰ ’ਤੇ ਪੂਰੇ ਮੁਲਕ ਲਈ ਕੌਮੀ ਨਾਗਰਿਕਤਾ ਰਜਿਸਟਰ (ਐਨਆਰਸੀ) ਤਿਆਰ ਕਰਨ ਦੀ ਕੋਈ ਯੋਜਨਾ ਨਹੀਂ। ਸਰਕਾਰ ਵੱਲੋਂ ਇਹ ਬਿਆਨ ਵਿਵਾਦਾਂ ’ਚ ਘਿਰੇ ਐਨਆਰਸੀ ਤੇ ਨਾਗਰਿਕਤਾ ਸੋਧ ਐਕਟ ਦੇ ਮੱਦੇਨਜ਼ਰ ਆਇਆ ਹੈ। ਮੰਤਰਾਲੇ ਨੇ ਕਿਹਾ ਕਿ ਅਜਿਹੀ ਕੋਈ ਯੋਜਨਾ ਨਹੀਂ। ਦੂਜੇ ਪਾਸੇ ਸਰਕਾਰੀ ਵੈੱਬਸਾਈਟ ਖੁਦ ਹੀ ਅਸਲੀਅਤ ਬਿਆਨ ਰਹੀ ਹੈ।

ਕਾਂਗਰਸ ਨੇ ਅਬਾਦੀ ਰਜਿਸਟਰ (ਐਨਪੀਆਰ) ’ਤੇ ਸਰਕਾਰ ਨੂੰ ਘੇਰਦਿਆਂ ਦਾਅਵਾ ਕੀਤਾ ਕਿ ਇਹ ਐਨਆਰਸੀ ਵੱਲ ਪਹਿਲਾ ਕਦਮ ਹੈ। ਕਾਂਗਰਸ ਨੇ ਕਿਹਾ ਕਿ ਸਰਕਾਰ ਨੇ ਰਾਜ ਸਭਾ ’ਚ ਗ੍ਰਹਿ ਮੰਤਰਾਲੇ ਵੱਲੋਂ ਦਿੱਤੇ ਜਵਾਬ ਦਾ ਹਵਾਲਾ ਦਿੱਤਾ ਹੈ ਤੇ ਹੁਣ ਆਪਣੇ ਹੀ ਜਾਲ ਵਿਚ ਫ਼ਸਦੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਸਪੱਸ਼ਟ ਕਿਹਾ ਹੈ ਕਿ ਦੇਸ਼ ਵਿਆਪੀ ਐਨਆਰਸੀ ਬਾਰੇ ਕੋਈ ਵਿਚਾਰ ਨਹੀਂ ਕੀਤਾ ਗਿਆ ਹੈ ਤੇ ਇਹ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਾਅਵਿਆਂ ਦੇ ਉਲਟ ਹੈ। ਮੰਤਰਾਲੇ ਦੀ ਰਿਪੋਰਟ ਸਾਫ਼-ਸਾਫ਼ ਦੱਸਦੀ ਹੈ ਕਿ ਐਨਪੀਆਰ, ਐਨਆਰਸੀ ਵੱਲ ਹੀ ਪਹਿਲਾ ਕਦਮ ਹੈ।

ਆਬਾਦੀ ਰਜਿਸਟਰ ਤੇ ਜਨਗਣਨਾ ਵਿਚਾਲੇ ਫਰਕ

ਐਨਪੀਆਰ (ਕੌਮੀ ਆਬਾਦੀ ਰਜਿਸਟਰ) ’ਚ ਮੁਲਕ ਦੇ ਸੁਭਾਵਿਕ ਨਿਵਾਸੀ ਦਰਜ ਕੀਤੇ ਜਾਂਦੇ ਹਨ। ਐਨਪੀਆਰ ਮੁਤਾਬਕ ਸੁਭਾਵਿਕ ਨਿਵਾਸੀ ਉਹ ਹੈ ਜੋ ਕਿਸੇ ਖ਼ਾਸ ਇਲਾਕੇ ’ਚ ਪਿਛਲੇ ਛੇ ਮਹੀਨਿਆਂ ਜਾਂ ਉਸ ਤੋਂ ਵੱਧ ਸਮੇਂ ਤੋਂ ਰਹਿ ਰਿਹਾ ਹੈ ਜਾਂ ਫਿਰ ਉਹ ਵਿਅਕਤੀ ਉਸ ਇਲਾਕੇ ’ਚ ਅਗਲੇ ਛੇ ਮਹੀਨੇ ਰਹਿਣ ਦਾ ਚਾਹਵਾਨ ਹੈ। ਨਾਗਰਿਕਤਾ ਐਕਟ ਭਾਰਤ ਦੇ ਹਰ ਨਾਗਰਿਕ ਨੂੰ ਰਜਿਸਟਰ ਕਰਨ ਤੇ ਸ਼ਨਾਖ਼ਤੀ ਕਾਰਡ ਜਾਰੀ ਕਰਨ ਦੀ ਹਾਮੀ ਭਰਦਾ ਹੈ।

ਐਨਪੀਆਰ ’ਚ ਸ਼ਾਮਲ ਭੂਗੋਲਿਕ ਜਾਣਕਾਰੀ ’ਚ, ਨਾਂ, ਘਰ ਦੇ ਮੁਖੀ ਨਾਲ ਰਿਸ਼ਤਾ, ਪਿਤਾ ਤੇ ਮਾਂ ਦਾ ਨਾਂ, ਪਤੀ-ਪਤਨੀ ਦਾ ਨਾਂ, ਲਿੰਗ, ਜਨਮ ਮਿਤੀ, ਵਿਆਹੇ ਜਾਂ ਅਣਵਿਆਹੇ ਹੋਣ ਬਾਰੇ ਜਾਣਕਾਰੀ, ਜਨਮ ਸਥਾਨ, ਨਾਗਰਿਕਤਾ, ਸੁਭਾਵਿਕ ਨਿਵਾਸੀ ਦਾ ਮੌਜੂਦਾ ਪਤਾ, ਮੌਜੂਦਾ ਪਤੇ ’ਤੇ ਰਹਿੰਦੇ ਹੋਣ ਦਾ ਸਮਾਂ, ਪੱਕਾ ਪਤਾ, ਰੁਜ਼ਗਾਰ ਤੇ ਵਿਦਿਅਕ ਯੋਗਤਾ ਬਾਰੇ ਜਾਣਕਾਰੀ ਸ਼ਾਮਲ ਹੋਵੇਗੀ। ਜਦਕਿ ਜਨਗਣਨਾ ਲਈ ਵੱਧ ਜਾਣਕਾਰੀ ਲੋੜੀਂਦੀ ਹੁੰਦੀ ਹੈ। ਇਸ ’ਚ ਆਰਥਿਕ ਗਤੀਵਿਧੀਆਂ ਤੇ ਘਰ ’ਚ ਮੌਜੂਦ ਹੋਰ ਸੁੱਖ-ਸੁਵਿਧਾਵਾਂ ਬਾਰੇ ਵੀ ਜਾਣਕਾਰੀ ਦਰਜ ਕੀਤੀ ਜਾਂਦੀ ਹੈ।