ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੌਰਾਨ ਮੋਦੀ ਸਰਕਾਰ ਲਈ ਇਨਕਮ ਟੈਕਸ ਵਿਭਾਗ ਤੋਂ ਬੁਰੀ ਖ਼ਬਰ ਸਾਹਮਣੇ ਆਈ ਹੈ। ਮੋਦੀ ਸਰਕਾਰ ਦਾਅਵਾ ਕਰਦੀ ਰਹੀ ਕਿ ਨੋਟਬੰਦੀ ਤੋਂ ਬਾਅਦ ਇਨਕਮ ਟੈਕਸ ਦਾ ਦਾਇਰਾ ਵਧਿਆ ਹੈ, ਪਰ ਤਾਜ਼ਾ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਪਤਾ ਲੱਗਿਆ ਹੈ ਕਿ ਦੇਸ਼ ‘ਚ ਈ-ਇਨਕਮ ਟੈਕਸ ਰਿਟਰਨ ਫਾਈਲ ਕਰਨ ਵਾਲਿਆਂ ਦੀ ਗਿਣਤੀ ‘ਚ ਇੱਕ ਫੀਸਦ ਦੀ ਕਮੀ ਆਈ ਹੈ। ਟੈਕਸ ਫਾਈਲਿੰਗ ਵਿੱਤੀ ਸਾਲ 2019 ‘ਚ ਆਮਦਨ ਈ-ਫਾਈਲਿੰਗ 6.6 ਲੱਖ ਤੋਂ ਜ਼ਿਆਦਾ ਘੱਟ ਗਈ ਹੈ।
ਟੈਕਸ ਵਿਭਾਗ ਦੀ ਈ-ਫਾਈਲਿੰਗ ਵੈੱਬਸਾਈਟ ‘ਤੇ ਪਏ ਅੰਕੜਿਆਂ ਮੁਤਾਬਕ 2018-19 ‘ਚ ਟੈਕਸ ਈ-ਫਾਈਲਿੰਗ 6.68 ਕਰੋੜ ਹੈ ਜੋ ਪਿਛਲੇ ਵਿੱਤੀ ਸਾਲ ‘ਚ 6.47 ਕਰੋੜ ਸੀ। ਵਿੱਤੀ ਸਾਲ 2016-17 ‘ਚ ਈ-ਫਾਈਲਿੰਗ 5.28 ਕਰੋੜ ਸੀ।
ਕੋਟਕ ਇਕੋਨਾਮਿਕ ਰਿਸਰਚਰ ਦੀ 30 ਅਪਰੈਲ ਦੀ ਰਿਪੋਰਟ ‘ਚ ਕਿਹਾ ਗਿਆ ਹੈ, “ਅਸੀਂ ਵਿੱਤੀ ਸਾਲ 2019 ‘ਚ ਟੈਕਸ ਈ-ਫਾਈਲਿੰਗ 'ਚ ਗਿਰਾਵਟ ‘ਤੇ ਹੈਰਾਨ ਹਾਂ।” ਮਾਹਿਰਾਂ ਦਾ ਕਹਿਣਾ ਹੈ ਕਿ ਇਨਕਮ ਟੈਕਸ ਰਿਟਰਨ ਨੂੰ ਲੈ ਕੇ ਆਏ ਅੰਕੜੇ ਹੈਰਾਨ ਕਰਨ ਵਾਲੇ ਹਨ ਕਿਉਂਕਿ ਨੋਟਬੰਦੀ ਮਗਰੋਂ ਇਨ੍ਹਾਂ ਦੇ ਵਧਣ ਦੀ ਉਮੀਦ ਸੀ।
ਜਦਕਿ ਵੈੱਬਸਾਈਟ ਦਾ ਕਹਿਣਾ ਹੈ ਕਿ ਰਜਿਸਟਰਡ ਇਨਕਮ ਫਾਈਲ ਕਰਨ ਵਾਲਿਆਂ ਦੀ ਗਿਣਤੀ ‘ਚ ਵਾਧਾ ਹੋਇਆ ਹੈ। 15% ਦੇ ਵਾਧੇ ਦੇ ਨਾਲ 31 ਮਾਰਚ, 2019 ਤਕ 8.45 ਕਰੋੜ ਲੋਕਾਂ ਨੇ ਆਈਟੀਆਰ ਭਰੇ ਸੀ।