Odisha Train Accident : ਓਡੀਸ਼ਾ ਵਿੱਚ 2 ਜੂਨ ਨੂੰ ਵਾਪਰੇ ਬਹੁਤ ਹੀ ਦਰਦਨਾਕ ਟ੍ਰੇਨ ਹਾਦਸੇ ਨੂੰ ਭਲਾਉਣਾ ਆਸਾਨ ਨਹੀਂ ਹੈ। ਇਸ ਹਾਦਸੇ ਵਿੱਚ 275 ਲੋਕਾਂ ਦੀ ਜਾਨ ਚਲੀ ਗਈ ਸੀ ਪਰ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ 100 ਤੋਂ ਵੱਧ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ। ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਇਕ ਅਧਿਕਾਰੀ ਨੇ ਦੱਸਿਆ ਕਿ ਹਾਦਸੇ 'ਚ ਮਾਰੇ ਗਏ ਲੋਕਾਂ 'ਚੋਂ 101 ਲਾਸ਼ਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ।
ਏਐਨਆਈ ਨਾਲ ਗੱਲ ਕਰਦੇ ਹੋਏ ਪੂਰਬੀ ਮੱਧ ਰੇਲਵੇ ਦੇ ਡਿਵੀਜ਼ਨ ਰੇਲਵੇ ਮੈਨੇਜਰ ਰਿੰਕੇਸ਼ ਰਾਏ ਨੇ ਕਿਹਾ ਕਿ ਲਗਭਗ 200 ਲੋਕ ਅਜੇ ਵੀ ਓਡੀਸ਼ਾ ਦੇ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ।
900 ਜ਼ਖਮੀਆਂ ਨੂੰ ਹਸਪਤਾਲ 'ਚੋਂ ਦਿੱਤੀ ਗਈ ਛੁੱਟੀ
900 ਜ਼ਖਮੀਆਂ ਨੂੰ ਹਸਪਤਾਲ 'ਚੋਂ ਦਿੱਤੀ ਗਈ ਛੁੱਟੀ
ਡਿਵੀਜ਼ਨ ਰੇਲਵੇ ਮੈਨੇਜਰ ਰਿੰਕੇਸ਼ ਰਾਏ ਨੇ ਦੱਸਿਆ ਕਿ ਓਡੀਸ਼ਾ ਰੇਲ ਹਾਦਸੇ 'ਚ ਕਰੀਬ 1,100 ਲੋਕ ਜ਼ਖਮੀ ਹੋਏ ਸਨ, ਜਿਨ੍ਹਾਂ 'ਚੋਂ 900 ਲੋਕਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉੜੀਸਾ ਦੇ ਕਈ ਹਸਪਤਾਲਾਂ 'ਚ ਕਰੀਬ 200 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਇਹ ਹਾਦਸਾ ਓਡੀਸ਼ਾ ਦੇ ਬਾਲਾਸੋਰ 'ਚ ਵਾਪਰਿਆ ਸੀ, ਜਿਸ 'ਚ 2 ਐਕਸਪ੍ਰੈੱਸ ਟਰੇਨ ਅਤੇ 1 ਮਾਲ ਗੱਡੀ ਸੀ। ਇਸ ਦੁਖਦਾਈ ਘਟਨਾ ਦਾ ਪੂਰੇ ਭਾਰਤ 'ਤੇ ਡੂੰਘਾ ਅਸਰ ਪਿਆ ਹੈ।
ਵਾਰਸਾਂ ਨੂੰ ਸੌਂਪੀਆਂ 55 ਲਾਸ਼ਾਂ
ਭੁਵਨੇਸ਼ਵਰ ਨਗਰ ਨਿਗਮ ਦੇ ਕਮਿਸ਼ਨਰ ਵਿਜੇ ਅੰਮ੍ਰਿਤ ਕੁਲਾਂਗੇ ਨੇ ਏਐਨਆਈ ਨੂੰ ਦੱਸਿਆ ਕਿ ਭੁਵਨੇਸ਼ਵਰ ਹਸਪਤਾਲ ਵਿੱਚ ਰੱਖੀਆਂ ਕੁੱਲ 193 ਲਾਸ਼ਾਂ ਵਿੱਚੋਂ 80 ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ। 55 ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬੀਐਮਸੀ ਦੇ ਹੈਲਪਲਾਈਨ ਨੰਬਰ ’ਤੇ 200 ਤੋਂ ਵੱਧ ਕਾਲਾਂ ਆਈਆਂ।
ਇਹ ਹਾਦਸਾ ਓਡੀਸ਼ਾ ਵਿੱਚ 2 ਜੂਨ ਨੂੰ ਉਸ ਸਮੇਂ ਵਾਪਰਿਆ ਜਦੋਂ ਸ਼ਾਲੀਮਾਰ-ਚੇਨਈ ਕੋਰੋਮੰਡਲ ਐਕਸਪ੍ਰੈਸ ਇੱਕ ਸਟੇਸ਼ਨਰੀ ਮਾਲ ਰੇਲਗੱਡੀ ਨਾਲ ਟਕਰਾ ਗਈ, ਜਿਸ ਕਾਰਨ ਕਈ ਡੱਬੇ ਪਟੜੀ ਤੋਂ ਉਤਰ ਗਏ। ਇਸ ਤੋਂ ਬਾਅਦ ਦੂਜੇ ਟ੍ਰੈਕ 'ਤੇ ਯਸ਼ਵੰਤਪੁਰ ਤੋਂ ਹਾਵੜਾ ਜਾ ਰਹੀ ਹਾਵੜਾ ਐਕਸਪ੍ਰੈੱਸ ਕੋਰੋਮੰਡਲ ਦੇ ਡੱਬਿਆਂ ਨਾਲ ਟਕਰਾਉਣ ਕਾਰਨ ਪਟੜੀ ਤੋਂ ਉਤਰ ਗਈ। ਹਾਦਸੇ ਤੋਂ ਅਗਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰਾਊਂਡ ਜ਼ੀਰੋ ਤੋਂ ਬਾਲਾਸੋਰ ਹਾਦਸੇ ਵਾਲੀ ਥਾਂ ਦਾ ਮੁਆਇਨਾ ਕੀਤਾ ਅਤੇ ਹਸਪਤਾਲ ਵਿੱਚ ਇਲਾਜ ਅਧੀਨ ਜ਼ਖਮੀਆਂ ਨਾਲ ਵੀ ਮੁਲਾਕਾਤ ਕੀਤੀ।