ਨਵੀਂ ਦਿੱਲੀ : ਦੁਨੀਆ ਦੀ ਸਭ ਤੋਂ ਮਸ਼ਹੂਰ ਰੇਸਲਿੰਗ WWE ਵਿੱਚ ਗ੍ਰੇਟ ਖਲੀ ਦੀ ਥਾਂ ਹੁਣ ਛੇਤੀ ਹੀ ਪਹਿਲਵਾਨ ਸੁਸ਼ੀਲ ਕੁਮਾਰ ਨਜ਼ਰ ਆ ਸਕਦੇ ਹਨ। ਭਾਰਤ ਵਿੱਚ ਰੇਸਲਿੰਗ ਦੀ ਵੱਡੀ ਮਾਰਕੀਟ ਹੈ, ਇਸ ਕਰ ਕੇ ਕਾਰੋਬਾਰ ਨੂੰ ਧਿਆਨ ਵਿੱਚ ਰੱਖਦੇ ਹੋਏ WWE ਇੱਥੇ ਬਿਜ਼ਨਸ ਫੈਲਾਉਣ ਦੇ ਮੂਡ ਵਿੱਚ ਹੈ। ਇਸ ਲਈ WWE ਦੀ ਅੱਖ ਪਹਿਲਵਾਨ ਸੁਸ਼ੀਲ ਕੁਮਾਰ ਉੱਤੇ ਹੈ।
ਮੀਡੀਆ ਰਿਪੋਰਟਸ ਦੇ ਅਨੁਸਾਰ WWE ਦੇ ਟੇਲੈਂਟ ਡਿਵੈਲਪਮੈਂਟ ਹੈੱਡ ਕੈਨਿਅਨ ਕੇਮੈਨ ਛੇਤੀ ਹੀ ਇਸ ਸਬੰਧ ਵਿੱਚ ਸੁਸ਼ੀਲ ਕੁਮਾਰ ਨਾਲ ਮੁਲਾਕਾਤ ਕਰਨਗੇ। ਰੀਓ ਓਲਪਿੰਕ ਵਿੱਚ ਸ਼ਾਮਲ ਨਾ ਕੀਤੇ ਜਾਣ ਕਾਰਨ ਸੁਸ਼ੀਲ ਕੁਮਾਰ ਬਾਰੇ ਚਰਚਾ ਹੈ ਕਿ ਉਹ ਛੇਤੀ ਹੀ ਇਸ ਸਬੰਧੀ ਵੱਡਾ ਫ਼ੈਸਲਾ ਲੈ ਸਕਦੇ ਹਨ। 'ਦਾ ਗ੍ਰੇਟ ਖਲੀ' ਦੇ WWE ਛੱਡਣ ਤੋਂ ਬਾਅਦ ਪਿਛਲੇ ਸਾਲ ਦੋ ਭਾਰਤੀ ਰੈਸਲਰ ਲਵਪ੍ਰੀਤ ਸਾਂਘਾ ਅਤੇ ਸੱਤੇਂਦਰ ਵੇਦ ਪਾਲ ਨੂੰ WWE ਨੇ ਸਾਈਨ ਕੀਤਾ ਸੀ।

ਸੁਸ਼ੀਲ ਕੁਮਾਰ ਨੇ 2003 ਵਿੱਚ 14 ਸਾਲ ਦੀ ਉਮਰ ਵਿੱਚ ਕਾਂਸੇ ਦਾ ਮੈਡਲ ਜਿੱਤ ਕੇ ਆਪਣੀ ਧਾਕ ਜਮਾਈ ਸੀ। 2008 ਦੇ ਬੀਜਿੰਗ ਓਲਪਿੰਕ ਵਿੱਚ ਕਾਂਸੇ ਦਾ 2012 ਦੇ ਲੰਡਨ ਓਲਪਿੰਕ ਵਿੱਚ ਸਿਲਵਰ ਮੈਡਲ ਸੁਸ਼ੀਲ ਕੁਮਾਰ ਨੇ ਆਪਣੇ ਨਾਮ ਕੀਤਾ ਸੀ। ਇਸ ਤੋਂ ਇਲਾਵਾ ਸੁਸ਼ੀਲ ਕੁਮਾਰ ਵਰਲਡ ਚੈਂਪੀਅਨਸ਼ਿਪ ਦੇ ਨਾਲ ਨਾਲ ਕਾਮਨਵੈਲਥ ਗੇਮਜ਼ ਵਿੱਚ ਵੀ ਗੋਲਡ ਮੈਡਲ ਜਿੱਤ ਚੁੱਕਾ ਹੈ। 2009 ਵਿੱਚ ਸੁਸ਼ੀਲ ਕੁਮਾਰ ਨੂੰ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।