ਚੰਡੀਗੜ੍ਹ: ਵਾਤਾਵਰਨ ਮੰਤਰੀ ਓਪੀ ਸੋਨੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਦੇ ਇਲਜ਼ਾਮਾਂ ਨੂੰ ਸਿਰਿਓਂ ਨਕਾਰ ਦਿੱਤਾ ਹੈ। ਕੇਜਰੀਵਾਲ ਨੇ ਇਲਜ਼ਾਮ ਲਾਇਆ ਸੀ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਪਰਾਲੀ ਸਾੜਨ ਕਰਕੇ ਦਿੱਲੀ ਵਿੱਚ ਲਗਾਤਾਰ ਪ੍ਰਦੂਸ਼ਣ ਵਧ ਰਿਹਾ ਹੈ। ਜ਼ਿਕਰਯੋਗ ਹੈ ਕਿ ਵਾਤਾਵਰਨ ਮੰਤਰੀ ਓਪੀ ਸੋਨੀ ਕੇਂਦਰੀ ਵਾਤਾਵਰਨ ਮੰਤਰੀ ਵੱਲੋਂ ਦਿੱਲੀ ਦੇ ਪ੍ਰਦੂਸ਼ਣ ਸਬੰਧੀ ਬੁਲਾਈ ਮੀਟਿੰਗ ਵਿੱਚੋਂ ਵੀ ਗੈਰਹਾਜ਼ਰ ਰਹੇ ਸਨ।

ਓਪੀ ਸੋਨੀ ਨੇ ਕਿਹਾ ਕਿ ਜੇ ਦਿੱਲੀ ਦਾ ਪ੍ਰਦੂਸ਼ਣ ਪੰਜਾਬ ਦੀ ਪਰਾਲੀ ਸੜਨ ਕਰਕੇ ਵਧ ਰਿਹਾ ਹੈ ਤਾਂ ਦਿੱਲੀ ਨਾਲੋਂ ਵੀ ਪਹਿਲਾਂ ਪੰਜਾਬ ’ਤੇ ਪ੍ਰਦੂਸ਼ਣ ਦਾ ਅਸਰ ਹੋਣਾ ਚਾਹੀਦਾ ਸੀ ਪਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਪੰਜਾਬ ਵਿੱਚ ਪ੍ਰਦੂਸ਼ਣ ਘਟਿਆ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਰਿਪੋਰਟਾਂ ਤੋਂ ਸਾਫ ਹੈ ਕਿ ਪੰਜਾਬ ਦੇ ਪ੍ਰਦੂਸ਼ਣ ਵਿੱਚ ਵਾਧਾ ਨਹੀਂ ਹੋਇਆ, ਬਲਕਿ ਕਮੀ ਆਈ ਹੈ।

ਹਾਲਾਂਕਿ ਨਾਸਾ ਵੱਲੋਂ ਦਿਖਾਈਆਂ ਗਈਆਂ ਤਸਵੀਰਾਂ ਮੁਤਾਬਕ ਪੰਜਾਬ ਵਿੱਚ ਪਰਾਲੀ ਵੱਧ ਸਾੜੀ ਜਾ ਰਹੀ ਹੈ, ਜੋ ਵਧ ਰਹੇ ਪ੍ਰਦੂਸ਼ਣ ਦਾ ਵਜ੍ਹਾ ਬਣ ਰਹੀ ਹੈ। ਇਸ ਮਾਮਲੇ ਸਬੰਧੀ ਓਪ ਸੋਨੀ ਨੇ ਕੇਜਰੀਵਾਲ ’ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਹੋ ਸਕਦਾ ਹੈ ਕਿ ਕੇਜਰੀਵਾਲ ਨੇ ਨਾਸਾ ਦੀਆਂ ਤਸਵੀਰਾਂ ਨਾਲ ਛੇੜਛਾੜ ਕੀਤੀ ਹੋਵੇ ਤਾਂ ਤਸਵੀਰਾਂ ਖ਼ੁਦ ਹੀ ਅਜਿਹੀਆਂ ਤਸਵੀਰਾਂ ਬਣਵਾ ਲਈਆਂ ਹੋਣ।

ਉੱਧਰ, ਕੇਜਰੀਵਾਲ ਨੇ ਵੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ’ਤੇ ਸਵਾਲ ਚੁੱਕੇ ਹਨ ਜਿਸ ਦੇ ਜਵਾਬ ਵਿੱਚ ਸੋਨੀ ਨੇ ਕਿਹਾ ਕਿ ਇੱਕ ਮੁੱਖ ਮੰਤਰੀ ਵਜੋਂ ਉਨ੍ਹਾਂ ਨੂੰ ਇਹੋ ਜਿਹਾ ਬਿਆਨ ਨਹੀਂ ਦੇਣਾ ਚਾਹੀਦਾ। ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ਤੱਥਾਂ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ ਜਿਸ ਮੁਤਾਬਕ ਪੰਜਾਬ ਵਿੱਚ ਪਿਛਲੇ ਸਾਲ ਨਾਲੋਂ ਪ੍ਰਦੂਸ਼ਣ ਕਾਫੀ ਘਟਿਆ ਹੈ।