ਨਵੀਂ ਦਿੱਲੀ: ਕੇਂਦਰੀ ਕੈਬਿਨਟ ਦੀ ਬੈਠਕ ‘ਚ ਬੁੱਧਵਾਰ ਨੂੰ ਅਹਿਮ ਫੈਸਲੇ ਕੀਤੇ ਗਏ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ 11 ਲੱਖ 52 ਹਜ਼ਾਰ ਰੇਲਵੇ ਕਰਮਚਾਰੀਆਂ ਨੂੰ ਇਸ ਸਾਲ 78 ਦਿਨ ਦੀ ਤਨਖ਼ਾਹ ਦੇ ਬਰਾਬਰ ਬੋਨਸ ਦਿੱਤਾ ਜਾਵੇਗਾ। ਇਸ ‘ਤੇ 2000 ਕਰੋੜ ਰੁਪਏ ਦਾ ਖ਼ਰਚ ਆਵੇਗਾ।


ਜਾਵਡੇਕਰ ਨੇ ਕਿਹਾ ਕਿ ਕਰਮੀਆਂ ਦੀ ਉਤਪਾਦਕਤਾ ਤੇ ਮਨੋਬਲ ਨੂੰ ਧਿਆਨ ‘ਚ ਰੱਖਦੇ ਹੋਏ ਇਹ ਫੈਸਲਾ ਕੀਤਾ ਗਿਆ। ਪਿਛਲੇ 6 ਸਾਲ ਤੋਂ ਰੇਲਵੇ ਕਰਮਚਾਰੀਆਂ ਨੂੰ ਬੋਨਸ ਦਿੱਤਾ ਜਾ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੱਸਿਆ ਕਿ ਕੈਬਿਨਟ ਨੇ ਈ-ਸਿਗਰੇਟ ‘ਤੇ ਬੈਨ ਲਾਉਣ ਦੀ ਮਨਜ਼ੂਰੀ ਦਿੱਤੀ ਹੈ।

ਇਸ ਦੇ ਉਤਪਾਦਨ, ਇੰਪੋਰਟ ਤੇ ਐਕਸਪੋਰਟ, ਵਿਕਰੀ, ਵਟਾਂਦਰੇ, ਭੰਡਾਰਨ ਤੇ ਇਸ਼ਤਿਹਾਰ ‘ਤੇ ਰੋਕ ਲਾਗੂ ਰਹੇਗੀ। ਸਰਕਾਰ ਦਾ ਕਹਿਣਾ ਹੈ ਕਿ ਨੌਜਵਾਨਾਂ ਤੇ ਬੱਚਿਆਂ ਨੂੰ ਈ-ਸਿਗਰੇਟ ਦੀ ਆਦਤ ਦੇ ਖਤਰੇ ਤੋਂ ਬਣਾਉਣ ਲਈ ਸਹੀ ਸਮੇਂ ‘ਤੇ ਇਹ ਫੈਸਲਾ ਕੀਤਾ ਗਿਆ ਹੈ। ਭਾਰਤ ‘ਚ ਈ-ਸਿਗਰੇਟ ਦੀ ਵਿਕਰੀ ਅਜੇ ਕਾਫੀ ਘੱਟ ਹੈ, ਪਰ ਹੌਲੀ-ਹੌਲੀ ਇਸ ਦੀ ਆਦਤ ਲੋਕਾਂ ‘ਚ ਵਧ ਰਹੀ ਸੀ।