ਨਵੀਂ ਦਿੱਲੀ: ਕੰਟਰੋਲਰ ਤੇ ਔਡੀਟਰ ਜਨਰਲ (ਕੈਗ) ਨੇ ਕਿਹਾ ਕਿ ਰੇਲ ਗੱਡੀਆਂ ਵਿੱਚ ਲੱਗੇ ਬਾਇਓਟੌਇਲੈਟ ਬਾਰੇ 2016-17 ਦੌਰਾਨ ਟੌਇਲੈਟਸ ਦੇ ਕੰਮ ਨਾ ਕਰਨ, ਬਦਬੂ ਤੇ ਦਮ ਘੁੱਟਣ ਦੀਆਂ ਕਰੀਬ ਦੋ ਲੱਖ ਸ਼ਿਕਾਇਤਾਂ ਲੋਕਾਂ ਨੇ ਦਿੱਤੀਆਂ ਹਨ।


ਕੈਗ ਨੇ 'ਭਾਰਤੀ ਰੇਲ ਦੇ ਯਾਤਰੀ ਡੱਬਿਆਂ ਵਿੱਚ ਬਾਇਓਟੌਇਲੈਟ ਦੀ ਸ਼ੁਰੂਆਤ ਬਾਰੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਉਸ ਵੱਲੋਂ ਔਡਿਟ ਕੀਤੇ ਗਏ 32 ਕੋਚ ਡਿਪੂਆਂ ਵਿੱਚ ਕੁੱਲ 613 ਰੇਲ ਗੱਡੀਆਂ ਦੀ ਸਾਂਭ-ਸੰਭਾਲ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚੋਂ 163 ਰੇਲ ਗੱਡੀਆਂ ਵਿੱਚ ਬਾਇਓਟੌਇਲੈਟ ਨਹੀਂ ਹਨ। ਬਾਕੀ ਦੀਆਂ 453 ਰੇਲਾਂ ਵਿੱਚ 25,080 ਬਾਇਓਟੌਇਲੈਟ ਹਨ, ਇਸ ਬਾਰੇ 1,99,689 ਸ਼ਿਕਾਇਤਾਂ ਮਿਲੀਆਂ ਹਨ।

ਕੈਗ ਨੇ ਅੱਗੇ ਕਿਹਾ ਕਿ ਇਸ ਵਿੱਚ ਸਭ ਤੋਂ ਵੱਧ 1,02,792 ਸ਼ਿਕਾਇਤਾਂ ਦਮ ਘੁੱਟਣ ਦੀਆਂ ਮਿਲੀਆਂ ਹਨ। ਇਸ ਤੋਂ ਬਾਅਦ ਬਦਬੂ ਦੀਆਂ 16,375, ਟੌਇਲੈਟ ਕੰਮ ਨਹੀਂ ਕਰਨ ਦੀਆਂ 11462, ਕੂੜੇਦਾਨ ਨਾ ਹੋਣ ਦੀਆਂ 21181, ਮੱਗ ਗਾਇਬ ਹੋਣ ਦੀਆਂ 22899 ਤੇ ਵਾਲਵ ਖਰਾਬ ਹੋਣ ਜਾਂ ਕਈ ਹੋਰ ਤਰਾਂ ਦੀਆਂ 24980 ਸ਼ਿਕਾਇਤਾਂ ਮਿਲੀਆਂ ਹਨ।

ਮੰਤਰਾਲੇ ਨੇ ਕੈਗ ਨੂੰ ਕਿਹਾ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਸੁਲਝਾ ਰਿਹਾ ਹੈ। ਉਸ ਨੇ ਕਿਹਾ ਕਿ ਘੁਟਣ ਦੇ ਮਾਮਲੇ ਲੋਕਾਂ ਵੱਲੋਂ ਦੁਰਵਰਤੋਂ ਕਰਨ ਕਰਕੇ ਹੁੰਦੇ ਹਨ। ਇਸਪਾਤ ਦੇ ਕੂੜੇਦਾਨ ਬਾਰੇ ਉਨ੍ਹਾਂ ਕਿਹਾ ਕਿ ਇਸ ਦੇ ਚੋਰੀ ਹੋ ਜਾਣ ਦਾ ਖ਼ਤਰਾ ਹੁੰਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਰੇਲ ਵਿਭਾਗ ਮੌਜੂਦਾ ਬਾਇਓਟੌਇਲੈਟ ਨੂੰ ਜਲਦ ਹੀ ਤਬਦੀਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਨਵੇਂ ਟੌਇਲੈਟ ਬਦਬੂ ਤੋਂ ਮੁਕਤ ਹੋਣਗੇ ਤੇ ਪਾਣੀ ਦੀ ਖਪਤ ਵਿੱਚ ਵੀ 5 ਫੀਸਦੀ ਦੀ ਕਟੌਤੀ ਹੋਵੇਗੀ। ਇਸ ਦਾ ਜਾਮ ਹੋਣ ਵਿੱਚ ਵੀ ਕਮੀ ਆਵੇਗੀ।