ਬੇਂਗਲੁਰੂ: ਕਰਨਾਟਕ ਦੇ ਪਛੜੇ ਇਲਾਕਿਆਂ ਵਿੱਚ ਜਨਨੀ ਅੰਮਾ ਦੇ ਨਾਂਅ ਨਾਲ ਮਸ਼ਹੂਰ ਸੁਲਾਗਿੱਟੀ ਨਰਸੰਮਾ ਦਾ ਮੰਗਲਵਾਰ ਸ਼ਾਮ ਦੇਹਾਂਤ ਹੋ ਗਿਆ। ਉਨ੍ਹਾਂ 98 ਵਰ੍ਹਿਆਂ ਦੀ ਉਮਰ ਵਿੱਚ ਪਿੰਡ ਪਵਾਗਡਾ ਤਾਲੁਕ ਵਿਚਲੇ ਆਪਣੇ ਘਰ 'ਚ ਆਖ਼ਰੀ ਸਾਹ ਲਏ। ਅੰਮਾ ਆਪਣੀ ਜ਼ਿੰਦਗੀ ਦੌਰਾਨ ਬਗ਼ੈਰ ਡਾਕਟਰੀ ਸਹਿਯੋਗ ਦੇ 15 ਹਜ਼ਾਰ ਤੋਂ ਵੀ ਵੱਧ ਔਰਤਾਂ ਦੇ ਜਣੇਪੇ ਕਰਵਾ ਚੁੱਕੀ ਸੀ।


ਸਮਾਜ ਸੇਵਾ ਵਿੱਚ ਪਾਏ ਆਪਣੇ ਅਦਭੁਤ ਯੋਗਦਾਨ ਸਦਕਾ ਉਨ੍ਹਾਂ ਨੂੰ ਪਦਮਸ਼੍ਰੀ ਸਨਮਾਨ ਨਾਲ ਨਿਵਾਜਿਆ ਗਿਆ ਸੀ। ਨਰਸੰਮਾ ਨੂੰ ਤੁਮਕੁਰ ਯੁਨੀਵਰਸਿਟੀ ਨੇ ਸੰਕੇਤਕ ਰੂਪ ਵਿੱਚ ਡਾਕਟਰੇਟ ਦੀ ਡਿਗਰੀ ਨਾਲ ਵੀ ਸਨਮਾਨਿਤ ਕੀਤਾ ਸੀ। ਸੁਲਾਗਿੱਟੀ ਨਰਸੰਮਾ ਦੀ ਮੌਤ 'ਤੇ ਸੂਬੇ ਦੇ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਸਮੇਤ ਹੋਰਨਾਂ ਸਿਆਸੀ ਲੀਡਰਾਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ।