ਨਵੀਂ ਦਿੱਲੀ: ਭਾਰਤ ਵਿਰੁੱਧ ਪਾਕਿਸਤਾਨ ਦੀ ਇੱਕ ਹੋਰ ਘੁਸਪੈਠ ਕੋਸ਼ਿਸ਼ ਨਾਕਾਮ ਹੋਈ ਹੈ। ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਆਈ ਨੇ ਇਸਲਾਮਾਬਾਦ ਵਿੱਚ ਮੌਜੂਦ ਭਾਰਤ ਦੇ ਤਿੰਨ ਅਫਸਰਾਂ ਨੂੰ ਹਨੀ ਟ੍ਰੈਪ ਵਿੱਚ ਫਸਾ ਕੇ ਖੁਫੀਆ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੂੰ ਇਸ ਸਾਜ਼ਿਸ਼ ਦੀ ਸੂਹ ਲੱਗ ਗਈ ਤੇ ਉਨ੍ਹਾਂ ਨੇ ਆਪਣੇ ਸੀਨੀਅਰ ਨੂੰ ਇਹ ਜਾਣਕਾਰੀ ਦਿੱਤੀ।
ਇੱਕ ਅੰਗਰੇਜ਼ੀ ਅਖ਼ਬਾਰ ਅਨੁਸਾਰ, ਤਿੰਨ ਅਫਸਰਾਂ ਨੂੰ ਤੁਰੰਤ ਭਾਰਤ ਵਾਪਸ ਬੁਲਾਇਆ ਗਿਆ ਸੀ, ਹੁਣ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਖੁਫੀਆ ਸੂਤਰਾਂ ਅਨੁਸਾਰ, ਉੱਚ ਅਧਿਕਾਰੀਆਂ ਨੂੰ ਲੱਗਦਾ ਹੈ ਕਿ ਤਿੰਨੇ ਸੱਚ ਬੋਲ ਰਹੇ ਹਨ ਤੇ ਪਾਕਿਸਤਾਨ ਕੋਈ ਵੀ ਜਾਣਕਾਰੀ ਲੈਣ ਵਿੱਚ ਨਾਕਾਮਯਾਬ ਰਿਹਾ ਹੈ।
ਖਬਰਾਂ ਅਨੁਸਾਰ, ਪਾਕਿਸਤਾਨੀ ਖੁਫ਼ੀਆ ਏਜੰਸੀ ਭਾਰਤੀ ਅਧਿਕਾਰੀਆਂ ਰਾਹੀਂ ਕੁਝ ਜ਼ਰੂਰੀ ਦਸਤਾਵੇਜ਼ ਪ੍ਰਾਪਤ ਕਰਨਾ ਚਾਹੁੰਦੀ ਸੀ ਪਰ ਉਹ ਅਜਿਹਾ ਕਰਨ ਵਿੱਚ ਸਫ਼ਲ ਨਹੀਂ ਹੋਏ। ਅਧਿਕਾਰੀਆਂ ਨੂੰ ਜਾਲ ਵਿੱਚ ਫਸਾਉਣ ਲਈ ਹੁਸਨ ਦੀ ਵਰਤੋਂ ਕੀਤੀ ਗਈ ਸੀ ਪਰ ਜਦੋਂ ਇਹ ਅਫਸਰਾਂ ਨੂੰ ਪਤਾ ਲੱਗ ਗਿਆ ਤਾਂ ਉਨ੍ਹਾਂ ਨੇ ਭਾਰਤੀ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਤੇ ਤਿੰਨਾਂ ਨੂੰ ਤੁਰੰਤ ਦਿੱਲੀ ਵਾਪਸ ਬੁਲਾਇਆ ਗਿਆ।
ਹੁਣ ਇਨ੍ਹਾਂ ਤਿੰਨ ਅਫਸਰਾਂ ਨੂੰ ਪਾਕਿਸਤਾਨ ਵਿੱਚ ਕੰਮ ਕਰਨ ਲਈ ਨਹੀਂ ਭੇਜਿਆ ਜਾਵੇਗਾ। ਇੱਕ ਸੂਤਰ ਨੇ ਅੰਗਰੇਜ਼ੀ ਅਖਬਾਰ ਨੂੰ ਦੱਸਿਆ ਕਿ ਭਾਰਤੀ ਅਧਿਕਾਰੀ ਪਾਕਿਸਤਾਨ ਵਿੱਚ ਭਾਸ਼ਾ ਵਿਭਾਗ ਵਿੱਚ ਕੰਮ ਕਰ ਰਹੇ ਸਨ। ਉਨ੍ਹਾਂ ਦਾ ਕੰਮ ਭਾਰਤ ਤੋਂ ਆਉਣ ਵਾਲੇ ਜ਼ਰੂਰੀ ਕਾਗਜ਼ਾਂ ਦਾ ਅਨੁਵਾਦ ਕਰਨਾ ਸੀ।
ਖੁਫੀਆ ਸੂਚਨਾ ਪ੍ਰਾਪਤ ਕਰਨ ਲਈ ਹਨੀ ਟਰੈਪ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਨਾ ਕੋਈ ਨਵੀਂ ਗੱਲ ਨਹੀਂ। ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਦੱਸਣਯੋਗ ਹੈ ਕਿ ਕੁਝ ਅਜਿਹਾ 2010 ਵਿੱਚ ਵੀ ਹੋਇਆ ਸੀ। ਪ੍ਰਿੰਟਿੰਗ ਪ੍ਰੈੱਸ ਡਿਵੀਜ਼ਨ ਵਿੱਚ ਕੰਮ ਕਰਨ ਵਾਲੀ ਮਾਧੁਰੀ ਗੁਪਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।