Pok Protest Updates : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਜੰਗ ਵਰਗੀ ਸਥਿਤੀ ਬਣੀ ਹੋਈ ਹੈ। ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਗੋਲੀਬਾਰੀ ਦੀਆਂ ਵੀ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ। ਪਾਕਿਸਤਾਨ ਦੇ ਅੱਤਿਆਚਾਰਾਂ ਖਿਲਾਫ ਸ਼ੁੱਕਰਵਾਰ ਨੂੰ ਵੱਡੀ ਗਿਣਤੀ 'ਚ ਕਸ਼ਮੀਰੀ ਸੜਕਾਂ 'ਤੇ ਉਤਰ ਆਏ।ਟ
ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਇਹ ਪ੍ਰਦਰਸ਼ਨ ਵਧਦੀ ਮਹਿੰਗਾਈ, ਭਾਰੀ ਟੈਕਸ ਅਤੇ ਬਿਜਲੀ ਦੀ ਕਮੀ ਕਰਕੇ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜਨਤਾ ਅਤੇ ਸੁਰੱਖਿਆ ਕਰਮਚਾਰੀਆਂ ਵਿਚਾਲੇ ਹੋਈ ਝੜਪ 'ਚ ਇਕ ਪੁਲਿਸ ਕਰਮਚਾਰੀ ਦੀ ਵੀ ਮੌਤ ਹੋ ਗਈ ਹੈ।
ਇਸ ਦੇ ਲਈ ਮਕਬੂਜ਼ਾ ਕਸ਼ਮੀਰ ਦੇ ਲੋਕਾਂ ਨੇ 11 ਮਈ ਸ਼ਨੀਵਾਰ ਨੂੰ ਵੱਡੇ ਪੱਧਰ 'ਤੇ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਸੀ ਪਰ ਇਕ ਦਿਨ ਪਹਿਲਾਂ ਹੀ ਮੁਜ਼ੱਫਰਾਬਾਦ 'ਚ ਵਾਧੂ ਪੁਲਿਸ ਬਲ ਬੁਲਾ ਕੇ ਲੋਕਾਂ ਨੂੰ ਹਿਰਾਸਤ 'ਚ ਲੈਣਾ ਸ਼ੁਰੂ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਲੋਕਾਂ ਦਾ ਗੁੱਸਾ ਭੜਕ ਗਿਆ ਸੀ। ਇਨ੍ਹਾਂ ਤੋਂ ਇਲਾਵਾ ਦਾਦੀਆਲ, ਮੀਰਪੁਰ ਅਤੇ ਸਮਾਹਨੀ, ਰਾਵਲਕੋਟ ਸਮੇਤ ਮਕਬੂਜ਼ਾ ਕਸ਼ਮੀਰ ਦੇ ਹੋਰ ਹਿੱਸਿਆਂ ਤੋਂ ਵੀ ਝੜਪਾਂ ਦੀਆਂ ਖਬਰਾਂ ਆਈਆਂ ਹਨ।
ਰਿਪੋਰਟਾਂ ਮੁਤਾਬਕ ਪਾਕਿਸਤਾਨੀ ਬਲਾਂ ਨੇ ਸ਼ੁੱਕਰਵਾਰ ਨੂੰ ਪੀਓਕੇ ਦੇ ਮੀਰਪੁਰ ਜ਼ਿਲ੍ਹੇ 'ਚ 70 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਬਾਅਦ ਗੁੱਸੇ 'ਚ ਭੀੜ ਸੜਕਾਂ 'ਤੇ ਆ ਗਈ। ਗ੍ਰਿਫਤਾਰੀ ਦੇ ਵਿਰੋਧ 'ਚ ਆਮ ਲੋਕਾਂ ਨੇ ਸੁਰੱਖਿਆ ਬਲਾਂ 'ਤੇ ਪਥਰਾਅ ਕੀਤਾ ਅਤੇ ਕਈ ਥਾਵਾਂ 'ਤੇ ਝੜਪਾਂ ਵੀ ਹੋਈਆਂ। ਰਿਪੋਰਟ ਮੁਤਾਬਕ ਇਲਾਕੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।
ਦਰਅਸਲ, ਜੰਮੂ-ਕਸ਼ਮੀਰ ਜੁਆਇੰਟ ਅਵਾਮੀ ਐਕਸ਼ਨ ਕਮੇਟੀ ਨੇ ਪਾਕਿਸਤਾਨ ਸਰਕਾਰ 'ਤੇ ਦਬਾਅ ਬਣਾਉਣ ਲਈ ਸ਼ੁੱਕਰਵਾਰ ਨੂੰ ਆਮ ਹੜਤਾਲ ਕੀਤੀ ਸੀ। ਇਸ ਵਿੱਚ ਟਰਾਂਸਪੋਰਟਰਾਂ ਦੀ ਹੜਤਾਲ ਵੀ ਸ਼ਾਮਲ ਸੀ। ਕਮੇਟੀ ਨੇ ਇਸਲਾਮਾਬਾਦ ਸਰਕਾਰ 'ਤੇ ਸਮਝੌਤਿਆਂ ਨੂੰ ਪੂਰਾ ਨਾ ਕਰਨ ਦਾ ਦੋਸ਼ ਲਗਾਇਆ ਹੈ। ਮੁਜ਼ੱਫਰਾਬਾਦ 'ਚ ਹੜਤਾਲ ਦੌਰਾਨ ਪੁਲਸ ਨੂੰ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ ਅਤੇ ਹਵਾ 'ਚ ਫਾਇਰਿੰਗ ਵੀ ਕਰਨੀ ਪਈ।