ਕਸ਼ਮੀਰ: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਕੰਟਰੋਲ ਲਾਈਨ 'ਤੇ ਪੈਂਦੇ ਪਿੰਡਾਂ ਤੇ ਅੱਗੇ ਦੀਆਂ ਚੌਕੀਆਂ 'ਤੇ ਪੂਰੀ ਰਾਤ ਪਾਕਿਸਤਾਨੀ ਫ਼ੌਜੀਆਂ ਵੱਲੋਂ ਗੋਲੀਬਾਰੀ ਕੀਤੀ ਗਈ ਹੈ। ਭਾਰਤੀ ਬਲਾਂ ਵੱਲੋਂ ਵੀ ਜਵਾਬ ਦਿੱਤਾ ਗਿਆ। ਪਾਕਿਸਤਾਨ ਨੇ ਮੋਰਟਾਰ ਵੀ ਦਾਗ਼ੇ ਹਨ। ਪਾਕਿਸਤਾਨੀ ਫ਼ੌਜਾਂ ਨੇ ਜੰਮੂ ਦੇ ਰਾਜੌਰੀ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਦੇ ਨਾਲ ਵੀ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ।

ਗੋਲੀਬਾਰੀ ਕਾਰਨ ਸਰਹੱਦ 'ਤੇ ਮਾਹੌਲ ਤਣਾਅਪੂਰਨ ਹੈ ਤੇ ਪਿੰਡਾਂ ਦੇ ਆਮ ਲੋਕਾਂ ਨੂੰ ਵੀ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਵੀ ਜੰਮੂ-ਕਸ਼ਮੀਰ ਦੇ ਤਿੰਨ ਜ਼ਿਲ੍ਹਿਆਂ ਵਿੱਚ ਪਾਕਿਸਤਾਨ ਵਾਲੇ ਪਾਸਿਓਂ ਹੋਈ ਗੋਲੀਬਾਰੀ ਵਿੱਚ ਫੌਜ ਤੇ ਬੀਐਸਐਫ ਦਾ ਇੱਕ-ਇੱਕ ਜਵਾਨ ਸ਼ਹੀਦ ਤੇ ਤਿੰਨ ਆਮ ਨਾਗਰਿਕ ਹਲਾਕ ਹੋ ਗਏ ਸਨ।

ਅਧਿਕਾਰੀਆਂ ਮੁਤਾਬਕ ਪਾਕਿਸਤਾਨੀ ਰੇਂਜਰਾਂ ਨੇ ਸਰਹੱਦੀ ਚੌਕੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਮੋਰਟਾਰ ਦਾਗ਼ੇ ਤੇ ਸਵੈਚਾਲਿਤ ਤੇ ਛੋਟੇ ਹਥਿਆਰਾਂ ਨਾਲ ਅੰਨ੍ਹੇਵਾਹ ਗੋਲੀਆਂ ਚਲਾਈਆਂ। ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਫ਼ੌਜੀਆਂ ਨੇ ਗੋਲੀਬਾਰੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਭਾਰਤ ਨੇ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਸੱਯਦ ਹੈਦਰ ਸ਼ਾਹ ਨੂੰ ਤਲਬ ਕੀਤਾ ਹੈ ਤੇ ਸਰਹੱਦ 'ਤੇ ਲਗਾਤਾਰ ਹੋ ਰਹੀ ਗੋਲੀਬੰਦੀ ਦੀ ਉਲੰਘਣਾ ਦੀ ਨਿਖੇਧੀ ਕੀਤੀ।