ਕੱਛ :ਗੁਜਰਾਤ ਏਟੀਐਸ ਟੀਮ ਨੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ ਐਸ ਆਈ ਦੇ ਲਈ ਭਾਰਤ ਦੀ ਜਾਸੂਸੀ ਕਰਨ ਦੇ ਦੋਸ਼ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਲਾਨਾ ਸਮਾ ਅਤੇ ਸ਼ਕੂਰ ਸੁਮਰਾ ਨਾਮ ਦੇ ਇਹ ਦੋਵੇਂ ਆਰੋਪੀ ਭਾਰਤੀ ਸੈਨਾ ਦੀ ਅਹਿਮ ਜਾਣਕਾਰੀ ਪਾਕਿਸਤਾਨ ਨੂੰ ਪਿਛਲੇ ਦੋ ਸਾਲ ਤੋਂ ਦੇ ਰਹੇ ਸਨ। ਖ਼ਾਸ ਗੱਲ ਇਹ ਹੈ ਕਿ ਆਈ ਐਸ ਆਈ ਨੇ ਇਹਨਾਂ ਦੋ ਨੌਜਵਾਨਾਂ ਨੂੰ ਫਸਾਉਣ ਲਈ ਹਨੀਟ੍ਰੈਪ ਦਾ ਇਸਤੇਮਾਲ ਕੀਤਾ ਸੀ।

ਆਈ ਐਸ ਆਈ ਨੇ ਇੱਕ ਲੜਕੀ ਦੇ ਜਰੀਏ ਇਹਨਾਂ ਨੂੰ ਫਸਾਇਆ ਹੈ। ਇਸ ਤੋਂ ਬਾਅਦ ਲੜਕੀ ਨੇ ਭਾਰਤ ਦੀਆਂ ਕਈ ਖ਼ੁਫ਼ੀਆ ਜਾਣਕਾਰੀ ਇਹਨਾਂ ਤੋਂ ਹਾਸਲ ਕੀਤੀਆਂ। ਪੁਲਿਸ ਵੱਲੋਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਸਮਾ ਨਾਮਕ ਚਾਲੀ ਸਾਲ ਦਾ ਨੌਜਵਾਨ ਪਾਕਿਸਤਾਨ ਦੀ ਇੱਕ ਕੁੜੀ ਦੇ ਪਿਆਰ ਵਿੱਚ ਫਸਿਆ ਹੋਇਆ ਸੀ।  ਨੌਜਵਾਨ ਦਾ ਪਾਕਿਸਤਾਨ ਵਿੱਚ ਰਹਿਣ ਵਾਲੀ ਲੜਕੀ ਨਾਲ ਸੰਪਰਕ 2014 ਵਿੱਚ ਉਦੋਂ ਹੋਇਆ ਜਦੋਂ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਪਾਕਿਸਤਾਨ ਗਿਆ ਸੀ।

ਇਸ ਤੋਂ ਬਾਅਦ ਸਮਾ ਕਈ ਵਾਰ ਪਾਕਿਸਤਾਨ ਗਿਆ ਅਤੇ ਉਸ ਦੀ ਲੜਕੀ ਨਾਲ ਦੋਸਤੀ ਪਿਆਰ ਵਿੱਚ ਬਦਲ ਗਈ। ਹੌਲੀ ਹੌਲੀ ਸਮਾ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ ਐਸ ਆਈ ਦੇ ਸੰਪਰਕ ਵਿੱਚ ਆ ਗਿਆ ਅਤੇ ਜਾਸੂਸੀ ਕਰਨ ਲੱਗਾ। ਇਸ ਦੌਰਾਨ ਉਸ ਨੇ ਭਾਰਤੀ ਸੈਨਾ ਦੀਆਂ ਕਈ ਖ਼ੁਫ਼ੀਆ ਜਾਣਕਾਰੀਆਂ ਪਾਕਿਸਤਾਨ ਦੇ ਹਵਾਲੇ ਕੀਤੀਆਂ। ਪੁਲਿਸ ਅਨੁਸਾਰ ਜਿਸ ਲੜਕੀ ਨਾਲ ਸਮਾ ਨੂੰ ਪਿਆ ਹੋਇਆ ਉਹ ਅਸਲ ਵਿੱਚ ਆਈ ਐਸ ਆਈ ਦੀ ਹੀ ਏਜੰਟ ਹੈ। ਪੁਲਿਸ ਨੇ ਸਮਾ ਕੋਲੋਂ ਕਾਫ਼ੀ ਇਤਰਾਜ਼ ਸਮਗਰੀ ਬਰਾਮਦ ਕੀਤੀ ਹੈ।