ਨਵੀਂ ਦਿੱਲੀ : ਤਿੰਨ ਤਲਾਕ ਦੇ ਮੁੱਦੇ ਉੱਤੇ ਮੁਸਲਿਮ ਪਰਸਨਲ ਲਾਅ ਬੋਰਡ ਨੇ ਸਰਕਾਰ ਦੇ ਰਵੱਈਆ ਉੱਤੇ ਇਤਰਾਜ਼ ਪ੍ਰਗਟਾਇਆ ਹੈ। ਬੋਰਡ ਨਾਲ ਜੁੜੇ ਹਜ਼ਰਤ ਮੌਲਾਨਾ ਵਲੀ ਰੋਮਾਨੀ ਨੇ ਆਖਿਆ ਹੈ ਕਿ 'ਉਹ ਯੂਨੀਫ਼ਾਰਮ ਸਿਵਲ ਕੋਡ' ਦਾ ਬਾਈਕਾਟ ਕਰਨਗੇ। ਉਨ੍ਹਾਂ ਆਖਿਆ ਕਿ ਇਹ ਸੋਚ ਦੇਸ਼ ਨੂੰ ਤੋੜਨ ਵਾਲੀ ਅਤੇ ਗ਼ੈਰਵਾਜਬ ਹੈ।

ਰੋਮਾਨੀ ਨੇ ਇਹ ਵੀ ਆਖਿਆ ਕਿ ਮੋਦੀ ਨੇ ਢਾਈ ਸਾਲ ਦੀ ਨਾਕਾਮੀ ਅਤੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਲਈ ਇਹ ਕੰਮ ਕੀਤਾ ਹੈ। ਉਨ੍ਹਾਂ ਆਖਿਆ ਕਿ ਅਸੀਂ ਇਸ ਦਾ ਵਿਰੋਧ ਕਰਾਂਗੇ। ਯਾਦ ਰਹੇ ਕਿ ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਦਾਇਰ ਕਰ ਕੇ ਤਿੰਨ ਤਲਾਕ ਅਤੇ ਬਾਲ ਵਿਆਹ ਨੂੰ ਖ਼ਤਮ ਕਰਨ ਦੀ ਵਕਾਲਤ ਕੀਤੀ ਸੀ।

ਬੋਰਡ ਨੇ ਬਕਾਇਦਾ ਪ੍ਰੈੱਸ ਕਾਨਫ਼ਰੰਸ ਕਰ ਕੇ ਦੋਸ਼ ਲਗਾਇਆ ਕਿ ਤਿੰਨ ਤਲਾਕ ਸਮੇਤ ਮੁਸਲਿਮ ਭਾਈਚਾਰੇ ਵਿੱਚ ਜਾਰੀ ਹੋਰ ਧਾਰਮਿਕ ਪ੍ਰਥਾਵਾਂ ਉੱਤੇ ਲਾਅ ਕਮਿਸ਼ਨ ਦੇ 16 ਸਵਾਲ ਧੋਖਾਧੜੀ ਹੈ। ਕਮਿਸ਼ਨ ਮੋਦੀ ਸਰਕਾਰ ਦੇ ਇਸ਼ਾਰੇ ਉੱਤੇ ਕੰਮ ਕਰ ਰਿਹਾ ਹੈ। ਸਰਕਾਰ ਵੱਲੋਂ ਇਹ ਵੀ ਆਖਿਆ ਗਿਆ ਕਿ ਭਾਰਤ ਵਿੱਚ ਮਹਿਲਾਵਾਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।