ਅੰਮ੍ਰਿਤਸਰ: ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਦਾ ਕਹਿਣਾ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਦੇ ਭਾਅ ਵਧਣ ਕਾਰਨ ਹੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਇਸ ਦੇ ਉਲਟ ਰਿਪੋਰਟਾਂ ਦੱਸਦੀਆਂ ਹਨ ਕਿ ਪਿਛਲੇ 15 ਦਿਨਾਂ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘਟੀਆਂ ਹਨ। ਹੋਰ ਤਾਂ ਹੋਰ ਡਾ. ਮਨਮੋਹਨ ਸਿੰਘ ਦੇ ਕਾਰਜਕਾਲ ਨਾਲੋਂ ਇਸ ਵੇਲੇ ਕੱਚੇ ਤੇਲ ਦੀਆਂ ਕੀਮਤਾਂ ਕਿਤੇ ਘੱਟ ਹਨ।

ਅੰਮ੍ਰਿਤਸਰ ਵਿੱਚ ਪਹੁੰਚੇ ਜਾਵਡੇਕਰ ਨੇ ਤੇਲ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਉਣ ਦੇ ਮਸਲੇ 'ਤੇ ਕੋਈ ਠੋਸ ਜਵਾਬ ਨਹੀਂ ਦਿੱਤਾ। ਇਸ ਦੌਰਾਨ ਉਹ ਮੀਡੀਆ ਦੇ ਸਵਾਲਾਂ ਤੋਂ ਬਚਦੇ ਵੀ ਨਜ਼ਰ ਆਏ। ਜਾਵਡੇਕਰ ਨੇ ਵਿਰੋਧੀ ਧਿਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਦੇਸ਼ 'ਚ ਕਾਂਗਰਸ ਦੇ 48 ਸਾਲਾ ਦੇ ਰਾਜ ਦੇ ਮੁਕਾਬਲੇ ਬੀਜੇਪੀ ਦੇ 48 ਮਹੀਨਿਆਂ ਦੇ ਰਾਜ ਨੂੰ ਦੇਸ਼ ਲਈ ਵਿਕਾਸ ਦਾ ਸਮਾਂ ਹੋਣ ਦਾ ਦਾਅਵਾ ਕੀਤਾ। ਕੇਂਦਰੀ ਮੰਤਰੀ ਅੰਮ੍ਰਿਤਸਰ ਦੌਰੇ ਦੌਰਾਨ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਮੁਦਰਾ ਸਕੀਮ ਦੀ ਗੱਲ ਕਰਦਿਆਂ ਕਿਹਾ ਕਿ ਬੀਜੇਪੀ ਸਰਕਾਰ ਨੇ ਲੋਕ ਭਲਾਈ ਦੀਆਂ ਕਈ ਸਕੀਮਾਂ ਲਿਆਦੀਆਂ ਜਿਨ੍ਹਾਂ ਦਾ ਦੇਸ਼ ਵਾਸੀਆਂ ਨੂੰ ਕਾਫੀ ਲਾਭ ਹੋਇਆ ਹੈ।