ਕਿਸਾਨਾਂ ਖਿਲਾਫ ਸਖਤੀ ਸਰਕਾਰ ਨੂੰ ਪੁੱਠੀ ਪਈ, ਤਸਵੀਰਾਂ ਵਾਇਰਲ ਹੁੰਦਿਆਂ ਡਟ ਗਏ ਲੋਕ
ਪੁਲਿਸ ਦੀ ਇਸ ਕਾਰਵਾਈ ਦੀਆਂ ਜਿਉਂ ਹੀ ਤਸਵੀਰਾਂ ਵਾਇਰਲ ਹੋਈਆਂ, ਲੋਕ ਖੁੱਲ੍ਹ ਕੇ ਸਰਕਾਰ ਦੀ ਅਲੋਚਨਾ ਕਰਨ ਲੱਗੇ। ਕਾਂਗਰਸੀ ਲੀਡਰਾਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਤਿੱਖੇ ਵਿਅੰਗ ਕੱਸੇ।
ਨਵੀਂ ਦਿੱਲੀ: ਦਿੱਲੀ ਦੀਆਂ ਹੱਦਾਂ ਉੱਤੇ ਡਟੇ ਕਿਸਾਨਾਂ ਖਿਲਾਫ ਸਖਤੀ ਸਰਕਾਰ ਨੂੰ ਪੁੱਠੀ ਪੈਂਦੀ ਨਜ਼ਰ ਆ ਰਹੀ ਹੈ। ਧਰਨਿਆਂ ਵਾਲੀਆਂ ਥਾਵਾਂ ਉੱਪਰ ਬਿਜਲੀ ਕੁਨੈਕਸ਼ਨ ਕੱਟਣ, ਪਾਣੀ ਰੋਕਣ, ਇੰਟਰਨੈੱਟ ਬੰਦ ਕਰਨ ਤੇ ਸੜਕਾਂ 'ਤੇ ਕਿੱਲ ਤੇ ਕੰਡਿਆਲੀਆਂ ਤਾਰਾਂ ਲਾਉਣ ਦੀ ਕਾਰਵਾਈ ਨਾਲ ਦੇਸ਼ ਭਰ ਦੇ ਆਮ ਲੋਕ ਵੀ ਕਿਸਾਨਾਂ ਨਾਲ ਜੁੜਨ ਲੱਗੇ ਹਨ। ਹੋਰ ਤਾਂ ਹੋਰ ਸਥਾਨਕ ਲੋਕ ਕਿਸਾਨਾਂ ਦੀ ਮਦਦ ਲਈ ਅੱਗੇ ਆਏ ਹਨ।
ਹਾਸਲ ਜਾਣਕਾਰੀ ਮੁਤਾਬਕ ਸਥਾਨਕ ਲੋਕ ਸਿੰਘੂ ਬਾਰਡਰ ’ਤੇ ਕਿਸਾਨਾਂ ਨੂੰ ਬਿਜਲੀ, ਪਾਣੀ ਤੇ ਸੈਨੀਟੇਸ਼ਨ ਦੀਆਂ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਅੱਗੇ ਆਏ ਹਨ। ਪਤਾ ਲੱਗਾ ਹੈ ਕਿ ਲੋਕ ਆਪਣੇ ਘਰ ਤੋਂ ਬਿਜਲੀ ਕੁਨੈਕਸ਼ਨ ਦੇ ਰਹੇ ਹਨ। ਮਹਿਲਾ ਪ੍ਰਦਰਸ਼ਨਕਾਰੀਆਂ ਨੂੰ ਪਖਾਨੇ ਤੇ ਗੁਸਲਖਾਨੇ ਦੀ ਸਹੂਲਤ ਦਿੱਤੀ ਜਾ ਰਹੀ ਹੈ।
ਦੱਸ ਦਈਏ ਕਿ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੇ ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰਾਂ ’ਤੇ ਸਵਾ ਦੋ ਮਹੀਨਿਆਂ ਤੋਂ ਧਰਨੇ ਚੱਲ ਰਹੇ ਹਨ। ਹੁਣ ਪੁਲਿਸ ਵੱਲੋਂ ਕਿਸਾਨਾਂ ਨੂੰ ਘੇਰਾ ਪਾਉਣਾ ਲਈ ਸਖਤ ਬੈਰੀਕੇਡਿੰਗ ਕੀਤੀ ਜਾ ਰਹੀ ਹੈ। ਪੁਲਿਸ ਨੇ ਟਿਕਰੀ ਤੋਂ ਬਾਅਦ ਸਿੰਘੂ ਤੇ ਗਾਜ਼ੀਪੁਰ ਦੇ ਧਰਨਿਆਂ ਵੱਲ ਜਾਂਦੇ ਰਾਹਾਂ ਵਿੱਚ ਰੋਕਾਂ ਖੜ੍ਹੀਆਂ ਕਰ ਦਿੱਤੀਆਂ ਹਨ।
ਪੁਲਿਸ ਦੀ ਇਸ ਕਾਰਵਾਈ ਦੀਆਂ ਜਿਉਂ ਹੀ ਤਸਵੀਰਾਂ ਵਾਇਰਲ ਹੋਈਆਂ, ਲੋਕ ਖੁੱਲ੍ਹ ਕੇ ਸਰਕਾਰ ਦੀ ਅਲੋਚਨਾ ਕਰਨ ਲੱਗੇ। ਕਾਂਗਰਸੀ ਲੀਡਰਾਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਤਿੱਖੇ ਵਿਅੰਗ ਕੱਸੇ। ਪ੍ਰਿਯੰਕਾ ਨੇ ਕਿਹਾ, ‘ਪ੍ਰਧਾਨ ਮੰਤਰੀ ਜੀ, ਆਪਣੇ ਹੀ ਕਿਸਾਨਾਂ ਨਾਲ ਯੁੱਧ?’ ਰਾਹੁਲ ਗਾਂਧੀ ਨੇ ਚਾਰ ਫੋਟੋਆਂ ਸਾਂਝੀਆਂ ਕੀਤੀਆਂ ਤੇ ਕੇਂਦਰ ਸਰਕਾਰ ਨੂੰ ਚੋਭ ਲਾਈ ਕਿ ‘ਭਾਰਤ ਸਰਕਾਰ ਪੁਲ਼ ਬਣਾਉਂਦੀ ਹੈ ਨਾ ਕਿ ਕੰਧਾਂ (ਰੋਕਾਂ) ਉਸਾਰਦੀ ਹੈ।’ ਪ੍ਰਿਯੰਕਾ ਗਾਂਧੀ ਨੇ ਵੀ ਗਾਜ਼ੀਪੁਰ ਬਾਰਡਰ ਦੀ ਵੀਡੀਓ ਕਲਿੱਪ ਸਾਂਝੀ ਕੀਤੀ ਜਿਸ ਵਿੱਚ ਅਰਧ ਸੈਨਿਕ ਬਲਾਂ ਦੀ ਮੌਜੂਦਗੀ ਵਿੱਚ ਦਿੱਲੀ ਪੁਲਿਸ ਨੇ ਦਿੱਲੀ-ਗਾਜ਼ੀਆਬਾਦ ਮਾਰਗ ’ਤੇ ਮਜ਼ਬੂਤ ਰੋਕਾਂ ਲਾ ਕੇ ਆਮ ਲੋਕਾਂ ਦਾ ਦਾਖ਼ਲਾ ਬੰਦ ਕਰ ਦਿੱਤਾ ਹੈ।
ਪੁਲਿਸ ਨੇ ਸੀਮਿੰਟ ਦੇ ਵੱਡੇ ਬਲਾਕ ਸੜਕਾਂ ’ਤੇ ਧਰ ਕੇ ਉੱਪਰ ਕੰਡਿਆਲੀ ਤਾਰ ਬੰਨ੍ਹ ਦਿੱਤੀ ਹੈ। ਸੜਕਾਂ ਪੁੱਟ ਕੇ ਉਨ੍ਹਾਂ ਉਪਰ ਲੋਹੇ ਦੇ ਮੋਟੇ ਤਿੱਖੇ ਕਿੱਲ ਸੀਮਿੰਟ ਨਾਲ ਜੜ ਦਿੱਤੇ ਗਏ ਹਨ ਤਾਂ ਕਿ ਕਿਸਾਨ ਟਰੈਕਟਰ ਜਾਂ ਹੋਰ ਕੋਈ ਗੱਡੀ ਲੈ ਕੇ ਦਿੱਲੀ ਵੱਲ ਨਾ ਵਧ ਸਕਣ। ਸੀਮਿੰਟ ਦੇ ਬਲਾਕਾਂ ਨੂੰ ਸਰੀਏ ਪਾ ਦਿੱਤੇ ਹਨ। ਮੋਰਚਿਆਂ ਨੂੰ ਜਾਂਦੇ ਛੋਟੇ ਰਾਹਾਂ ਉਪਰ ਰੋਕਾਂ ਲਾ ਦਿੱਤੀਆਂ ਗਈਆਂ ਹਨ ਜਾਂ ਡੂੰਘੇ ਟੋਏ ਪੁੱਟ ਦਿੱਤੇ ਹਨ। ਸਿੰਘੂ ਬਾਰਡਰ ’ਤੇ ਤਾਂ ਮੀਡੀਆ ਕਰਮੀ ਵੀ ਨਹੀਂ ਜਾ ਸਕਦੇ। ਸਿੰਘੂ ਵੱਲ ਪੈਦਲ ਜਾਣ ਦੇ ਰਾਹ ਵੀ ਬੰਦ ਕਰ ਦਿੱਤੇ ਗਏ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ