(Source: ECI/ABP News)
ਗੁਜਰਾਤ ਦੇ ਲੋਕਾਂ ਨੇ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਦਾ ਮਨ ਬਣਾ ਲਿਆ ਹੈ: ਭਗਵੰਤ ਮਾਨ
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੁਜਰਾਤ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸੱਤਾ ਤੋਂ ਲਾਂਭੇ ਕਰਨ ਦਾ ਮਨ ਬਣਾ ਲਿਆ ਹੈ
![ਗੁਜਰਾਤ ਦੇ ਲੋਕਾਂ ਨੇ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਦਾ ਮਨ ਬਣਾ ਲਿਆ ਹੈ: ਭਗਵੰਤ ਮਾਨ People of Gujarat have made up their mind to throw BJP out of power: Bhagwant Mann ਗੁਜਰਾਤ ਦੇ ਲੋਕਾਂ ਨੇ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਦਾ ਮਨ ਬਣਾ ਲਿਆ ਹੈ: ਭਗਵੰਤ ਮਾਨ](https://feeds.abplive.com/onecms/images/uploaded-images/2022/11/20/30763ea2be7619a102988422709b5d521668909915773369_original.jpg?impolicy=abp_cdn&imwidth=1200&height=675)
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੁਜਰਾਤ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸੱਤਾ ਤੋਂ ਲਾਂਭੇ ਕਰਨ ਦਾ ਮਨ ਬਣਾ ਲਿਆ ਹੈ ਅਤੇ ਉਨ੍ਹਾਂ ਨੇ ਗੁਜਰਾਤ ਵਿੱਚ ਨਵੇਂ ਰਾਜਨੀਤਿਕ ਦੌਰ ਦੀ ਸ਼ੁਰੂਆਤ ਕਰਨ ਲਈ ਆਮ ਆਦਮੀ ਪਾਰਟੀ (ਆਪ) ਨੂੰ ਮੌਕਾ ਦੇਣ ਦਾ ਫੈਸਲਾ ਕਰ ਲਿਆ ਹੈ।
ਵੀਰਵਾਰ ਨੂੰ ਨੰਦੋੜ ਤੇ ਕਾਰਜਨ ਵਿਖੇ ਵਿਸ਼ਾਲ ਰੋਡ ਸ਼ੋਅ ਦੌਰਾਨ ਵੋਟਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਗੁਜਰਾਤ ਦੇ ਲੋਕ ਪਿਛਲੇ 27 ਸਾਲਾਂ ਤੋਂ ਸੱਤਾ ‘ਤੇ ਕਾਬਜ਼ ਭਾਜਪਾ ਤੋਂ ਤੰਗ ਆ ਚੁੱਕੇ ਹਨ ਅਤੇ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਆਪ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ।
ਉਨ੍ਹਾਂ ਕਿਹਾ ਕਿ ਭਾਜਪਾ ‘ਆਪ’ ਆਗੂਆਂ ਖ਼ਿਲਾਫ਼ ਭੰਡੀ ਪ੍ਰਚਾਰ ਕਰਕੇ ‘ਆਪ’ ਦੇ ਸਾਫ਼ ਅਕਸ ਨੂੰ ਢਾਹ ਲਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ, ਪਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ‘ਆਪ’ ਆਪਣੀ ਇਮਾਨਦਾਰ ਅਤੇ ਲੋਕ ਪੱਖੀ ਪਹੁੰਚ ਨਾਲ ਰਾਜਨੀਤੀ ਅਤੇ ਸਿਸਟਮ ਵਿੱਚੋਂ ਦਹਾਕਿਆਂ ਤੋਂ ਫ਼ੈਲੀ ਗੰਦਗੀ ਨੂੰ ਸਾਫ਼ ਕਰੇਗੀ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਜਨਤਾ ਦੇ ਪੈਸੇ ਨੂੰ ਲੁੱਟ ਕੇ ਆਪਣੇ ਨਿੱਜੀ ਖਜ਼ਾਨੇ ਭਰਨ ਵਾਲੇ ਸਾਰੇ ਭ੍ਰਿਸ਼ਟ ਨੇਤਾਵਾਂ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ।
ਸੂਬੇ ਵਿੱਚ ਆਮ ਲੋਕਾਂ ਦੀ ਤਰਸਯੋਗ ਹਾਲਤ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਹ ਪਾਰਟੀ ਸਿਰਫ਼ ਲੋਕਾਂ ਦੀ ਦੌਲਤ ਲੁੱਟਣ ਲਈ ਜ਼ਿੰਮੇਵਾਰ ਹੈ। ਲੋਕ ਸਿੱਖਿਆ ਅਤੇ ਸਿਹਤ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ ਅਤੇ ਹੁਣ ਵੋਟਰ ਭਾਜਪਾ ਨੂੰ ਸਬਕ ਸਿਖਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ 27 ਸਾਲਾਂ ਦੇ ਘਟੀਆ ਸ਼ਾਸਨ ਨੂੰ ਗੁਜਰਾਤ ਦੇ ਲੋਕਾਂ ਨੇ ਸਿਰਫ 27 ਮਿੰਟਾਂ ਵਿੱਚ ਖ਼ਤਮ ਕਰ ਦੇਣਾ ਹੈ।
ਮਾਨ ਅਨੁਸਾਰ ਦਿੱਲੀ ਅਤੇ ਪੰਜਾਬ ਵਾਂਗ ਗੁਜਰਾਤ ਵਿੱਚ ਵੀ ਬਦਲਾਅ ਦੀ ਹਵਾ ਚੱਲ ਰਹੀ ਹੈ। ‘ਆਪ’ ਗੁਜਰਾਤ ਸਮੇਤ ਦੇਸ਼ ਭਰ ਦੇ ਸਿਆਸੀ ਅਖਾੜੇ ‘ਚ ਫੈਲੀ ਗੰਦਗੀ ਨੂੰ ਝਾੜੂ ਨਾਲ ਸਾਫ਼ ਕਰੇਗੀ।
ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਨੇ ਦੇਸ਼ ਨੂੰ ਲੁੱਟਣ ਵਿੱਚ ਅੰਗਰੇਜ਼ਾਂ ਨੂੰ ਵੀ ਪਿੱਛੇ ਛੱਡ ਦਿੱਤਾ ਅਤੇ ਲੋਕਾਂ ਨੂੰ ਇਨ੍ਹਾਂ ਰਵਾਇਤੀ ਪਾਰਟੀਆਂ ਵਿਰੁੱਧ ਇਕਜੁੱਟ ਹੋ ਕੇ ਲੜਨਾ ਹੈ। ਵੋਟਰਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਚੰਗੇ ਭਵਿੱਖ ਲਈ ਇਸ ਵਾਰ ਇਮਾਨਦਾਰ ਅਤੇ ਵਿਕਾਸਮੁਖੀ ਆਮ ਆਦਮੀ ਪਾਰਟੀ ਨੂੰ ਮੌਕਾ ਦੇ ਕੇ ਭਾਜਪਾ ਦੇ 27 ਸਾਲ ਪੁਰਾਣੇ ਸ਼ਾਸਨ ਨੂੰ ਖਤਮ ਕਰਨ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ‘ਆਪ’ ਆਮ ਲੋਕਾਂ ਦੀ ਪਾਰਟੀ ਹੈ। ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਅਤੇ ਲੋਕ ਸਭਾ ਵਿੱਚ ਸਿਰਫ਼ ਆਮ ਪਿਛੋਕੜ ਵਾਲੇ ਪੁੱਤਰ-ਧੀਆਂ ਹੀ ਜਾਣਗੇ, ਜੋ ਆਮ ਲੋਕਾਂ ਨਾਲ ਜੁੜੇ ਮੁੱਦਿਆਂ ਦੀ ਗੱਲ ਕਰਨਗੇ ਨਾਂ ਕਿ ਭਾਜਪਾ ਵਾਂਗ ਪੂੰਜੀਵਾਦੀਆਂ ਦੇ ਸਕੇ ਹੋਣਗੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)