ਪੈਟਰੋਲ ਦੀ ਕੀਮਤ 100 ਰੁਪਏ ਤੋਂ ਪਾਰ, ਬੀਜੇਪੀ ਮੰਤਰੀ ਨੇ PM ਮੋਦੀ ਨੂੰ ਦਿੱਤੀ ਵਧਾਈ
ਮੱਧ ਪ੍ਰਦੇਸ਼ ਦੇ ਮੈਡੀਕਲ ਸਿੱਖਿਆ ਮੰਤਰੀ ਵਿਸ਼ਵਾਸ ਸਾਰੰਗ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੋਲਰ ਤੇ ਬਿਜਲਈ ਊਰਜਾ ਦੇ ਉਪਯੋਗ ਨੂੰ ਹੱਲਾਸ਼ੇਰੀ ਦੇਣ ਲਈ ਵਧਾਈ ਦਿੱਤੀ ਜਾਣੀ ਚਾਹੀਦੀ ਹੈ।
ਭੁਪਾਲ: ਦੇਸ਼ ’ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਹੁਣ ਨਿੱਤ ਦਿਨ ਆਸਮਾਨਾਂ ਨੂੰ ਛੋਹ ਰਹੀਆਂ ਹਨ। ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਵਿੱਚ ਇੱਕ ਲਿਟਰ ਪੈਟਰੋਲ ਦੀ ਕੀਮਤ 100 ਰੁਪਏ ਤੋਂ ਵੱਧ ਹੋ ਗਈ ਹੈ। ਅੱਜ ਰਾਜਧਾਨੀ ਦਿੱਲੀ ’ਚ ਪੈਟਰੋਲ ਦੀ ਕੀਮਤ 31 ਪੈਸੇ ਤੇ ਡੀਜ਼ਲ ਦੀ ਕੀਮਤ 33 ਪੈਸੇ ਵਧ ਗਈ ਹੈ। ਇਸ ਮਹੀਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 13ਵੀਂ ਵਾਰ ਵਧੀਆਂ ਹਨ। ਇਨ੍ਹਾਂ ਸਭ ਦੌਰਾਨ ਮੱਧ ਪ੍ਰਦੇਸ਼ ’ਚ ਭਾਜਪਾ ਦੇ ਮੰਤਰੀ ਵਿਸ਼ਵਾਸ ਸਾਰੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਲਈ ਵਧਾਈ ਦਿੱਤੀ ਹੈ।
ਮੱਧ ਪ੍ਰਦੇਸ਼ ਦੇ ਮੈਡੀਕਲ ਸਿੱਖਿਆ ਮੰਤਰੀ ਵਿਸ਼ਵਾਸ ਸਾਰੰਗ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੋਲਰ ਤੇ ਬਿਜਲਈ ਊਰਜਾ ਦੇ ਉਪਯੋਗ ਨੂੰ ਹੱਲਾਸ਼ੇਰੀ ਦੇਣ ਲਈ ਵਧਾਈ ਦਿੱਤੀ ਜਾਣੀ ਚਾਹੀਦੀ ਹੈ। ਮੁੱਲ ਵਾਧੇ ਕਾਰਣ ਦੇਸ਼ ਵਿੱਚ ਇਲੈਕਟ੍ਰਿਕ ਤੇ ਸੋਲਰ ਊਰਜਾ ਨਾਲ ਵੀ ਵਾਹਨ ਚਲਾਉਣ ਦੀ ਸਰਕਾਰ ਦੀ ਮਨਸ਼ਾ ਹੈ। ਪੈਟਰੋਲ-ਡੀਜ਼ਲ ਦੀ ਕੀਮਤਾਂ ਕੌਮਾਂਤਰੀ ਬਾਜ਼ਾਰ ਉੱਤੇ ਨਿਰਭਰ ਕਰਦੀਆਂ ਹਨ; ਇਸੇ ਲਈ ਅਜਿਹਾ ਵਾਧਾ ਹੋ ਰਿਹਾ ਹੈ।
ਦੱਸ ਦੇਈਏ ਕਿ ਮੱਧ ਪ੍ਰਦੇਸ਼ ਦੇ ਅਨੂਪਪੁਰ ’ਚ ਪੈਟਰੋਲ ਦੀ ਕੀਮਤ 100 ਰੁਪਏ 25 ਪੈਸੇ ਪ੍ਰਤੀ ਲਿਟਰ ਤੇ ਡੀਜ਼ਲ ਦੀ ਕੀਮਤ 90 ਰੁਪਏ 35 ਪੈਸੇ। ਵੈਟ ਜਿਹੇ ਸਥਾਨਕ ਟੈਕਸਾਂ ਤੇ ਮਾਲ-ਭਾੜੇ ਦੇ ਆਧਾਰ ’ਤੇ ਤੇਲ ਕੀਮਤਾਂ ਹਰੇਕ ਰਾਜ ਵਿੱਚ ਵੱਖੋ-ਵੱਖ ਹੀ ਹੁੰਦੀਆਂ ਹਨ। ਦੇਸ਼ ਵਿੱਚ ਰਾਜਸਥਾਨ ਪੈਟਰੋਲ ਉੱਤੇ ਸਭ ਤੋਂ ਵੱਧ ‘ਵੈਟ’ ਵਸੂਲ ਕਰਦਾ ਹੈ ਤੇ ਉਸ ਤੋਂ ਬਾਅਦ ਮੱਧ ਪ੍ਰਦੇਸ਼ ਆਉਂਦਾ ਹੈ।
ਮੱਧ ਪ੍ਰਦੇਸ਼ ਵਿੱਚ 33 ਫ਼ੀਸਦੀ ਦੇ ਨਾਲ ਹੀ 4.5 ਰੁਪਏ ਪ੍ਰਤੀ ਲਿਟਰ ਦਾ ਟੈਕਸ ਤੇ ਪੈਟਰੋਲ ਉੱਤੇ ਇੱਕ ਫ਼ੀ ਸਦੀ ਸੈੱਸ ਲਾਇਆ ਜਾਂਦਾ ਹੈ। ਡੀਜ਼ਲ ਉੱਤੇ 23 ਫ਼ੀਸਦੀ ਤੇ ਤਿੰਨ ਰੁਪਏ ਪ੍ਰਤੀ ਲਿਟਰ ਅਤੇ ਇੱਕ ਫ਼ੀਸਦੀ ਸੈੱਸ ਹੈ।