ਆਖਰ ਕਿੱਥੇ ਰੁਕਣਗੇ ਪੈਟਰੋਲ-ਡੀਜ਼ਲ ਦੇ ਰੇਟ, ਇੱਕ ਦਿਨ ਦੀ ਰਾਹਤ ਮਗਰੋਂ ਮੁੜ ਝਟਕਾ
ਮਈ ਵਿਚ ਪੈਟਰੋਲ ਤੇ ਡੀਜ਼ਲ ਦੀ ਵਿਕਰੀ ਇਕ ਮਹੀਨੇ ਪਹਿਲਾਂ ਦੀ ਤੁਲਨਾ ਵਿਚ ਲਗਪਗ 17 ਪ੍ਰਤੀਸ਼ਤ ਘੱਟ ਗਈ, ਕਿਉਂਕਿ ਕੋਰੋਨਾ ਵਾਇਰਸ ਦੀ ਲਾਗ ਦੀ ਇੱਕ ਖ਼ਤਰਨਾਕ ਦੂਜੀ ਲਹਿਰ ਨੂੰ ਰੋਕਣ ਲਈ ਲਾਈਆਂ ਗਈਆਂ ਪਾਬੰਦੀਆਂ ਕਾਰਨ ਮੰਗ 'ਤੇ ਅਸਰ ਪਿਆ।
ਨਵੀਂ ਦਿੱਲੀ: ਇੱਕ ਦਿਨ ਦੀ ਰਾਹਤ ਤੋਂ ਬਾਅਦ ਅੱਜ ਫਿਰ ਦੇਸ਼ ਦੇ ਕਈ ਸ਼ਹਿਰਾਂ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ। ਪੈਟਰੋਲ ’ਚ 27 ਪੈਸੇ ਪ੍ਰਤੀ ਲਿਟਰ ਤੇ ਡੀਜ਼ਲ ਵਿੱਚ 29 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ। ਰਾਜਧਾਨੀ ਦਿੱਲੀ ’ਚ ਅੱਜ ਪੈਟਰੋਲ 95.03 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ 85.95 ਰੁਪਏ ਪ੍ਰਤੀ ਲਿਟਰ ਤੱਕ ਪੁੱਜ ਗਿਆ ਹੈ। ਕੱਲ੍ਹ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਿੱਚ ਕੁਝ ਕਮੀ ਦਰਜ ਕੀਤੀ ਗਈ ਸੀ।
ਮੁੰਬਈ ਵਿੱਚ ਅੱਜ ਪੈਟਰੋਲ 101.25 ਰੁਪਏ ਅਤੇ ਡੀਜ਼ਲ 93.10 ਰੁਪਏ, ਕੋਲਕਾਤਾ ਵਿੱਚ ਪੈਟਰੋਲ 95.02 ਰੁਪਏ ਤੇ ਡੀਜ਼ਲ 88.80 ਰੁਪਏ, ਚੇਨਈ ਵਿੱਚ ਪੈਟਰੋਲ 96.47 ਰੁਪਏ ਤੇ ਡੀਜ਼ਲ 90.66 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਰਿਪੋਰਟ ਅਨੁਸਾਰ ਦੇਸ਼ ਦੇ 135 ਜ਼ਿਲ੍ਹਿਆਂ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਤੋਂ ਵੱਧ ਪਹੁੰਚ ਗਈ ਹੈ। ਇਸ ਸਾਲ ਪੈਟਰੋਲ ਦੀਆਂ ਕੀਮਤਾਂ ਵਿੱਚ 13 ਫੀਸਦ ਦਾ ਵਾਧਾ ਹੋਇਆ ਹੈ।
ਮਈ 'ਚ ਪੈਟਰੋਲ, ਡੀਜ਼ਲ ਦੀ ਵਿਕਰੀ 17% ਘੱਟ
ਮਈ ਵਿਚ ਪੈਟਰੋਲ ਤੇ ਡੀਜ਼ਲ ਦੀ ਵਿਕਰੀ ਇਕ ਮਹੀਨੇ ਪਹਿਲਾਂ ਦੀ ਤੁਲਨਾ ਵਿਚ ਲਗਪਗ 17 ਪ੍ਰਤੀਸ਼ਤ ਘੱਟ ਗਈ, ਕਿਉਂਕਿ ਕੋਰੋਨਾ ਵਾਇਰਸ ਦੀ ਲਾਗ ਦੀ ਇੱਕ ਖ਼ਤਰਨਾਕ ਦੂਜੀ ਲਹਿਰ ਨੂੰ ਰੋਕਣ ਲਈ ਲਾਈਆਂ ਗਈਆਂ ਪਾਬੰਦੀਆਂ ਕਾਰਨ ਮੰਗ 'ਤੇ ਅਸਰ ਪਿਆ। ਅੰਕੜਿਆਂ ਅਨੁਸਾਰ, ਮਈ ਵਿੱਚ ਪੈਟਰੋਲ ਦੀ ਵਿਕਰੀ 1.79 ਮਿਲੀਅਨ ਟਨ ਰਹਿ ਗਈ, ਜੋ ਪਿਛਲੇ ਇੱਕ ਸਾਲ ਵਿੱਚ ਸਭ ਤੋਂ ਹੇਠਲਾ ਪੱਧਰ ਹੈ। ਹਾਲਾਂਕਿ, ਪਿਛਲੇ ਸਾਲ ਮਈ ਦੇ ਮੁਕਾਬਲੇ ਇਹ ਖਪਤ ਲਗਭਗ 13 ਪ੍ਰਤੀਸ਼ਤ ਵੱਧ ਸੀ, ਜੋ 24.9 ਲੱਖ ਟਨ ਦੇ ਪਿਛਲੇ ਪੱਧਰ ਨਾਲੋਂ 28 ਪ੍ਰਤੀਸ਼ਤ ਘੱਟ ਹੈ।
ਦੇਸ਼ ਵਿੱਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਤੇਲ (ਡੀਜ਼ਲ) ਦੀ ਮੰਗ ਮਈ 2021 ਵਿੱਚ ਘੱਟ ਕੇ 4.89 ਮਿਲੀਅਨ ਟਨ ਰਹਿ ਗਈ, ਜੋ ਪਿਛਲੇ ਮਹੀਨੇ ਦੇ ਮੁਕਾਬਲੇ 17 ਫੀਸਦੀ ਘੱਟ ਸੀ ਤੇ ਮਈ 2019 ਦੇ ਮੁਕਾਬਲੇ 30 ਫੀ ਸਦੀ ਘੱਟ ਸੀ। ਰਸੋਈ ਗੈਸ ਸਿਲੰਡਰ ਦੀ ਵਿਕਰੀ ਦੀ ਮਾਤਰਾ ਮਈ 2021 ਵਿਚ ਸਾਲ ਪ੍ਰਤੀ ਸਾਲ ਛੇ ਫੀ ਸਦੀ ਘਟ ਕੇ 21.6 ਲੱਖ ਟਨ ਰਹਿ ਗਈ, ਪਰ ਮਈ 2019 ਵਿਚ ਵੇਚੇ ਗਏ 20.3 ਲੱਖ ਟਨ ਨਾਲੋਂ ਛੇ ਫੀਸਦੀ ਵੱਧ ਸੀ।