ਨਵੀਂ ਦਿੱਲੀ: ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ’ਤੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਹੁਣ ਪੈਟਰੋਲ ਨੂੰ GST ਘੇਰੇ ਅੰਦਰ ਲੈ ਕੇ ਆਉਣਾ ਜ਼ਰੂਰੀ ਹੋ ਗਿਆ ਹੈ। ਤੇਲ ਕੀਮਤਾਂ ਦੇ ਵਧਦੇ ਜਾਣ ਦੀ ਵਜ੍ਹਾ ਕੌਮਾਂਤਰੀ ਹੈ, ਸੋ ਇਨ੍ਹਾਂ ਨੂੰ GST ਦੇ ਦਾਇਰੇ ਹੇਠ ਲਿਆ ਕੇ ਹੀ ਕੀਮਤਾਂ ’ਤੇ ਕਾਬੂ ਪਾਇਆ ਜਾ ਸਕਦਾ ਹੈ। ਅੱਜ ਫਿਰ ਪੈਟਰੋਲ ਦੀ ਕੀਮਤ 48 ਪੈਸੇ ਵਧ ਕੇ ਪੰਜਾਬ ਵਿੱਚ 86 ਰੁਪਏ ਪ੍ਰਤੀ ਲੀਟਰ ਤੋਂ ਪਾਰ ਪੁੱਜ ਗਈ ਹੈ। ਡੀਜ਼ਲ ਵੀ 52 ਪੈਸੇ ਵਧ ਕੇ ਪੰਜਾਬ ਵਿੱਚ 72 ਰੁਪਏ ਪ੍ਰਤੀ ਲੀਟਰ ਤੋਂ ਵੀ ਟੱਪ ਗਿਆ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਤੇਲ ਕੀਮਤਾਂ ਵਿੱਚ ਕੌਮਾਂਤਰੀ, ਸਿਆਸੀ ਤੇ ਆਰਥਿਕ ਹਾਲਾਤਾਂ ਕਰਕੇ ਅਚਾਨਕ ਵਾਧਾ ਹੋਇਆ ਹੈ ਤੇ ਕੇਂਦਰ ਸਰਕਾਰ ਇਸ ਬਾਰੇ ਭਲੀਭਾਂਤ ਜਾਗਰੂਕ ਹੈ। ਇਸ ਲਲਈ ਹੁਣ ਇਹ ਜ਼ਰੂਰੀ ਹੋ ਗਿਆ ਹੈ ਕਿ ਪੈਟਰੋਲ-ਡੀਜ਼ਲ ਨੂੰ GST ਦੇ ਘੇਰੇ ਅੰਦਰ ਲਿਆਂਦਾ ਜਾਏ। ਹਾਲੇ ਇਹ ਦੋਵੇਂ GST ਤੋਂ ਬਾਹਰ ਹਨ ਤੇ ਇਸ ਦੇ ਚੱਲਦਿਆਂ ਦੇਸ਼ ਨੂੰ ਕਰੀਬ 15 ਹਜ਼ਾਰ ਕਰੋੜ ਦਾ ਘਾਟਾ ਚੁੱਕਣਾ ਪੈ ਰਿਹਾ ਹੈ। ਜੇ ਇਹ ਦੋਵੇਂ GST ਦੇ ਘੇਰੇ ਅੰਦਰ ਆ ਜਾਂਦੇ ਹਨ ਤਾਂ ਗਾਹਕਾਂ ਲਈ ਇਹ ਸਹੀ ਸਾਬਤ ਹੋਏਗਾ। ਧਰਮਿੰਦਰ ਪ੍ਰਧਾਨ ਨੇ ਇਹ ਵੀ ਕਿਹਾ ਕਿ ਜੇ ਸੂਬਾ ਸਰਕਾਰਾਂ ਡੀਜ਼ਲ-ਪੈਟਰੋਲ ’ਤੇ ਟੈਕਸ ਘਟਾ ਦੇਣ ਤਾਂ ਲੋਕਾਂ ਨੂੰ ਇਨ੍ਹਾਂ ਦੀ ਵਧਦੀ ਕੀਮਤ ਤੋਂ ਰਾਹਤ ਮਿਲ ਸਕਦੀ ਹੈ।

ਇਰਾਨ, ਵੇਨੇਜ਼ੁਏਲਾ ਤੇ ਟਰਕੀ ਜਿਹੇ ਦੇਸ਼ਾਂ ਦੀਆਂ ਸਿਆਸੀ ਸਥਿਤੀਆਂ ਨੇ ਕੱਚੇ ਤੇਲ ਦੇ ਉਤਪਾਦਨ ’ਤੇ ਅਸਰ ਪਾਇਆ ਹੈ। ਓਪੇਕ ਦੇਸ਼ ਆਪਣੇ ਵਾਅਦੇ ਦੇ ਬਾਵਜੂਦ ਕੱਚੇ ਤੇਲ ਦਾ ਉਤਪਾਦਨ ਵਧਾਉਣ ਦੇ ਸਮਰਥ ਨਹੀਂ ਹੋ ਪਾ ਰਹੇ। ਭਾਰਤ ਲਗਾਤਾਰ ਅਮਰੀਕਾ ਨਾਲ ਇਸ ਸਬੰਧੀ ਚਰਚਾ ਕਰ ਰਿਹਾ ਹੈ।

ਕੱਲ੍ਹ ਭਾਰਤ ਤੇ ਅਮਰੀਕਾ ਵਿਚਾਲੇ 2+2 ਵਾਰਤਾ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਤੇਲ ਦੀਆਂ ਕੀਮਤਾਂ ਦਾ ਮੁੱਦਾ ਵੀ ਚੁੱਕਿਆ। ਰੁਪਏ ਦੀ ਡਿੱਗਦੀ ਕੀਮਤ ਦਾ ਵੀ ਤੇਲ ਕੀਮਤਾਂ ਦੀਆਂ ਕੀਮਤਾਂ ਵਧਣ ’ਚ ਹੱਥ ਹੈ।