ਨਵੀਂ ਦਿੱਲੀ: ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਤੋਂ ਬਾਅਦ ਦੇਸ਼ ਗੁੱਸੇ ਵਿੱਚ ਹੈ। ਗੌਰੀ ਨੂੰ ਕਿਸ ਨੇ ਮਾਰਿਆ ਫਿਲਹਾਲ ਇਸ ਬਾਰੇ ਪੁਲਿਸ ਦੇ ਹੱਥ ਖਾਲੀ ਹਨ ਪਰ ਲੋਕ ਸੋਸ਼ਲ ਮੀਡੀਆ 'ਤੇ ਖੁੱਲ੍ਹ ਕੇ ਬੋਲ ਰਹੇ ਹਨ। ਟਵਿਟਰ 'ਤੇ ਨਿਖਿਲ ਧਮੀਚ ਨਾਂ ਦੇ ਅਕਾਊਂਟ ਤੋਂ ਗੌਰੀ ਲੰਕੇਸ਼ ਬਾਰੇ ਗਲਤ ਟਿੱਪਣੀ ਤੋਂ ਬਾਅਦ ਲੋਕਾਂ ਨੇ ਉਸ ਦੇ ਨਾਲ-ਨਾਲ ਪ੍ਰਧਾਨ ਮੰਤਰੀ ਮੋਦੀ ਖਿਲਾਫ ਵੀ ਮੋਰਚਾ ਖੋਲ੍ਹ ਦਿੱਤਾ ਹੈ।

ਮੋਦੀ ਖਿਲਾਫ ਇਸ ਲਈ ਕਿਉਂਕਿ ਮੋਦੀ ਨਿਖਿਲ ਧਮੀਚ ਨੂੰ ਫਾਲੋ ਕਰਦੇ ਹਨ। ਨਿਖਿਲ ਨੂੰ ਸਿਰਫ ਮੋਦੀ ਹੀ ਨਹੀਂ ਭੀਜੇਪੀ ਦੇ ਅੱਧਾ ਦਰਜਨ ਤੋਂ ਵੱਧ ਵੱਡੇ ਲੀਡਰ ਵੀ ਫਾਲੋ ਕਰਦੇ ਹਨ। ਇਸ ਲਿਸਟ 'ਚ ਗਿਰੀਰਾਜ ਸਿੰਘ, ਭੁਪਿੰਦਰ ਯਾਦਵ, ਨਵੇਂ-ਨਵੇਂ ਰੇਲ ਮੰਤਰੀ ਬਣੇ ਪਿਊਸ਼ ਗੋਇਲ, ਨਰੇਂਦਰ ਸਿੰਘ ਤੋਮਰ ਤੇ ਮਨੋਜ ਤਿਵਾਰੀ ਵੀ ਸ਼ਾਮਲ ਹਨ।

ਸਵੇਰ ਤੋਂ ਇਸ ਮੁੱਦੇ 'ਤੇ ਟਵੀਟ ਹੋਣੇ ਸ਼ੁਰੂ ਹੋ ਗਏ। ਦੁਪਹਿਰ ਸਾਢੇ 12 ਵਜੇ ਤੱਕ ਟਵਿਟਰ 'ਤੇ #BlockNarendraModi ਟ੍ਰੈਂਡ ਕਰਨਾ ਸ਼ੁਰੂ ਹੋ ਗਿਆ। ਲੋਕਾਂ ਨੇ ਪ੍ਰਧਾਨ ਮੰਤਰੀ ਨੂੰ ਅਨਫਾਲੋ ਕਰਕੇ ਸਨੈਪਸ਼ਾਟ ਵੀ ਸ਼ੇਅਰ ਕਰਨੇ ਸ਼ੁਰੂ ਕਰ ਦਿੱਤੇ। ਕੁਝ ਹੀ ਘੰਟਿਆਂ 'ਚ #BlockNarendraModi ਹੈਸ਼ਟੈਗ ਨਾਲ 19 ਹਜ਼ਾਰ ਤੋਂ ਵੀ ਵੱਧ ਲੋਕਾਂ ਨੇ ਟਵੀਟ ਕੀਤੇ।

ਨਿਖਿਲ ਧਮੀਚ ਨੇ ਆਪਣਾ ਵਿਵਾਦਿਤ ਟਵੀਟ ਡਿਲੀਟ ਕਰ ਦਿੱਤਾ। ਇਸ ਤੋਂ ਬਾਅਦ ਕਾਂਗਰਸ ਨੇਤਾ ਦਿਗਵਿਜੇ ਸਿੰਘ ਤੇ ਸਵਰਾਜ ਅਭਿਆਨ ਦੇ ਯੋਗਿੰਦਰ ਯਾਦਵ 'ਤੇ ਨਿਸ਼ਾਨਾ ਲਾਉਂਦੇ ਹੋਏ ਲਿਖਿਆ ਕਿ ਮੇਰਾ ਗੌਰੀ ਲੰਕੇਸ਼ ਦੀ ਹੱਤਿਆ ਨਾਲ ਕੋਈ ਲੈਣਾ-ਦੇਣਾ ਨਹੀਂ, ਮੈਨੂੰ ਇਸ ਲਈ ਟਾਰਗੇਟ ਕੀਤਾ ਜਾ ਰਿਹਾ ਹੈ ਕਿਉਂਕਿ ਮੈਨੂੰ ਪ੍ਰਧਾਨ ਮੰਤਰੀ ਫਾਲੋ ਕਰਦੇ ਹਨ।

ਜ਼ਿਕਰਯੋਗ ਹੈ ਕਿ ਪੱਤਰਕਾਰ ਗੌਰੀ ਲੰਕੇਸ਼ ਨੂੰ ਕਈ ਵਾਰ ਧਮਕੀਆਂ ਮਿਲੀਆ ਸੀ ਪਰ ਉਨ੍ਹਾਂ ਆਪਣੀ ਕਲਮ ਰੋਕੀ ਨਹੀਂ। ਉਨ੍ਹਾਂ ਦੇ ਕਤਲ ਤੋਂ ਬਾਅਦ ਅਜੇ ਤੱਕ ਪੁਲਿਸ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕਰ ਸਕੀ ਹੈ। ਲੋਕ ਕਰਨਾਟਕ ਦੀ ਕਾਂਗਰਸ ਸਰਕਾਰ ਤੋਂ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਬੇਹੱਦ ਖਫਾ ਹਨ।