ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਜਬਰ ਜਨਾਹ ਦੀ ਸ਼ਿਕਾਰ 13 ਸਾਲਾ ਲੜਕੀ ਨੂੰ 32 ਹਫ਼ਤੇ ਦਾ ਗਰਭ ਡੇਗਣ ਦੀ ਇਜਾਜ਼ਤ ਦੇ ਦਿੱਤੀ। ਬੁੱਧਵਾਰ ਨੂੰ ਚੀਫ਼ ਜਸਟਿਸ ਦੀਪਕ ਮਿਸ਼ਰਾ, ਜਸਟਿਸ ਅਮਿਤਾਵ ਰਾਏ ਅਤੇ ਜਸਟਿਸ ਏ ਅੱੈਮ ਖਾਨਵਿਲਕਰ ਦੇ ਬੈਂਚ ਨੇ ਮੈਡੀਕਲ ਰਿਪੋਰਟ ਵੇਖਣ ਦੇ ਬਾਅਦ ਇਹ ਫ਼ੈਸਲਾ ਸੁਣਾਇਆ। ਲੜਕੀ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਮੁੰਬਈ ਦੇ ਜੇਜੇ ਹਸਪਤਾਲ ਦੇ ਡਾਕਟਰਾਂ ਦੇ ਬੋਰਡ ਨੂੰ ਲੜਕੀ ਦਾ ਸਿਹਤ ਪ੍ਰੀਖਣ ਕਰਕੇ ਰਿਪੋਰਟ ਦੇਣ ਲਈ ਕਿਹਾ ਸੀ।
ਕੇਂਦਰ ਵੱਲੋਂ ਪੇਸ਼ ਸਾਲੀਸਿਟਰ ਜਨਰਲ ਰਣਜੀਤ ਕੁਮਾਰ ਨੇ ਮੈਡੀਕਲ ਰਿਪੋਰਟ ਅਤੇ ਇਕ ਹੋਰ ਜਬਰ ਜਨਾਹ ਪੀੜਤਾ ਦੇ ਜ਼ਿਆਦਾ ਸਮੇਂ ਦੇ ਗਰਭ ਡੇਗਣ ਦੀ ਮੰਗ 'ਤੇ ਸੁਪਰੀਮ ਕੋਰਟ ਦੇ ਹੁਕਮ ਦਾ ਜ਼ਿਕਰ ਕੀਤਾ। ਇਸ ਦੇ ਬਾਅਦ ਕੋਰਟ ਨੇ ਫ਼ੈਸਲਾ ਸੁਣਾਉਂਦੇ ਹੋਏ ਹਸਪਤਾਲ ਨੂੰ ਕਿਹਾ ਕਿ ਚੰਗਾ ਹੋਵੇ ਕਿ ਅੱਠ ਸਤੰਬਰ ਨੂੰ ਗਰਭਪਾਤ ਕਰਾ ਦਿੱਤਾ ਜਾਵੇ। ਮੁੰਬਈ ਦੀ ਸੱਤਵੀਂ ਦੀ ਵਿਦਿਆਰਥਣ ਨੇ ਸੁਪਰੀਮ ਕੋਰਟ ਤੋਂ ਗਰਭਪਾਤ ਕਰਾਉਣ ਦੀ ਇਜਾਜ਼ਤ ਮੰਗੀ ਸੀ। ਗਰਭਪਾਤ ਸਬੰਧੀ ਕਾਨੂੰਨ ਦੀ ਧਾਰਾ 3 (2) ਤਹਿਤ ਭਰੂਣ 20 ਹਫ਼ਤੇ ਤੋਂ ਵੱਧ ਦਾ ਹੋਣ ਦੇ ਬਾਅਦ ਗਰਭਪਾਤ ਦੀ ਮਨਾਹੀ ਹੈ।