ਬੈਂਗਲੁਰੂ: ਕਰਨਾਟਕ ਦੇ ਸ਼ਹਿਰ ਬੈਂਗਲੁਰੂ ਦੀ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ 'ਤੇ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜੋ ਵੀ ਭਾਜਪਾ ਤੇ ਆਰ.ਐਸ.ਐਸ. ਖਿਲਾਫ ਬੋਲਦਾ ਹੈ, ਉਸ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ।

ਰਾਹੁਲ ਨੇ ਕਿਹਾ ਕਿ ਭਾਜਪਾ ਤੇ ਆਰ.ਐਸ.ਐਸ. ਦੀ ਵਿਚਾਰਧਾਰਾ ਇਹ ਚਾਹੁੰਦੀ ਹੈ ਕਿ ਸਾਰੇ ਦੇਸ਼ ਵਿੱਚ ਸਿਰਫ ਇੱਕ ਹੀ ਆਵਾਜ਼ ਹੋਵੇ। ਉਨ੍ਹਾਂ ਕਿਹਾ ਕਿ ਕਦੇ-ਕਦੇ ਪ੍ਰਧਾਨ ਮੰਤਰੀ ਦਬਾਅ ਵਿੱਚ ਆ ਕੇ ਇਸ ਵਿਚਾਰਧਾਰਾ ਦੇ ਉਲਟ ਬੋਲ ਜ਼ਰੂਰ ਜਾਂਦੇ ਹਨ ਪਰ ਉਨ੍ਹਾਂ ਦੇ ਵਿਚਾਰ ਵੀ ਵਿਰੋਧੀ ਆਵਾਜ਼ ਨੂੰ ਖਾਮੋਸ਼ ਕਰਨ ਵਾਲੇ ਹੀ ਹਨ। ਇਹ ਭਾਰਤ ਦੇਸ਼ ਲਈ ਪ੍ਰੇਸ਼ਾਨੀ ਦਾ ਸਬੱਬ ਹੈ।

ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਨੇ ਕਿਹਾ ਕਿ ਪੀ.ਐਮ. ਮੋਦੀ ਇੱਕ ਹੁਨਰਮੰਦ ਹਿੰਦੂਵਾਦੀ ਨੇਤਾ ਹਨ ਤੇ ਉਹ ਜੋ ਬੋਲਦੇ ਹਨ, ਉਸ ਦੇ ਹਮੇਸ਼ਾ ਹੀ ਦੋ ਅਰਥ ਨਿਕਲਦੇ ਹਨ। ਕਾਂਗਰਸ ਦੀ ਮੁਖੀ ਸੋਨੀਆ ਗਾਂਧੀ ਨੇ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ 'ਤੇ ਸੋਗ ਜ਼ਾਹਰ ਕਰਦਿਆਂ ਕਿਹਾ ਕਿ ਗੌਰੀ ਵਿੱਚ ਸਿਸਟਮ ਵਿਰੁੱਧ ਲੜਨ ਦੀ ਅਥਾਹ ਤਾਕਤ ਸੀ। ਉਹ ਨਿਡਰ ਤੇ ਨਿਰਪੱਖ ਪੱਤਰਕਾਰ ਵਜੋਂ ਜਾਣੇ ਜਾਂਦੇ ਸੀ।

ਜ਼ਿਕਰਯੋਗ ਹੈ ਕਿ ਬੀਤੀ ਦੇਰ ਰਾਤ ਜਦ ਗੌਰੀ ਦਫਤਰ ਤੋਂ ਪਰਤ ਕੇ ਆਪਣੇ ਘਰ ਦਾ ਜਿੰਦਰਾ ਖੋਲ੍ਹ ਰਹੀ ਸੀ ਤਾਂ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ। ਸਿਰ, ਗਰਦਨ ਤੇ ਹਿੱਕ ਵਿੱਚ ਗੋਲੀਆਂ ਲੱਗਣ ਕਾਰਨ ਉਨ੍ਹਾਂ ਮੌਕੇ 'ਤੇ ਹੀ ਦਮ ਤੋੜ ਦਿੱਤਾ।

ਇਸ ਕਤਲ ਦੀ ਹਰ ਪਾਸਿਉਂ ਨਿੰਦਾ ਹੋ ਰਹੀ ਹੈ। ਸਿਆਸੀ ਆਗੂਆਂ ਤੋਂ ਇਲਾਵਾ ਪੱਤਰਕਾਰਾਂ, ਸਮਾਜ ਸੇਵੀਆਂ ਤੇ ਫ਼ਿਲਮੀ ਹਸਤੀਆਂ ਨੇ ਇਸ ਹੱਤਿਆ ਨੂੰ ਲੋਕਤੰਤਰ 'ਤੇ ਹਮਲਾ ਕਰਾਰ ਦਿੱਤਾ ਹੈ ਤੇ ਦੋਸ਼ੀਆਂ ਨੂੰ ਛੇਤੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।