ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਜਰਮਨੀ, ਡੈਨਮਾਰਕ ਤੇ ਫਰਾਂਸ ਦੇ ਦੌਰੇ ਉੱਪਰ ਜਾ ਰਹੇ ਹਨ। ਉਹ ਜਰਮਨ ਚਾਂਸਲਰ ਓਲਫ਼ ਸ਼ੁਲਜ਼ ਦੇ ਸੱਦੇ ’ਤੇ ਅੱਜ 2 ਮਈ ਨੂੰ ਬਰਲਿਨ ਪਹੁੰਚਣਗੇ। ਇਸ ਤੋਂ ਬਾਅਦ ਉਹ 3-4 ਮਈ ਨੂੰ ਡੈਨਮਾਰਕ ਦੀ ਆਪਣੀ ਹਮਰੁਤਬਾ ਮੇਟੇ ਫਰੈਡਰਿਕਸਨ ਦੇ ਸੱਦੇ ’ਤੇ ਦੁਵੱਲੀ ਗੱਲਬਾਤ ’ਚ ਸ਼ਾਮਲ ਹੋਣ ਲਈ ਕੋਪਨਹੇਗਨ ਜਾਣਗੇ ਤੇ ਦੂਜੇ ਭਾਰਤ-ਨੋਰਡਿਕ ਸਿਖਰ ਸੰਮੇਲਨ ’ਚ ਹਿੱਸਾ ਲੈਣਗੇ। ਭਾਰਤ ਵਾਪਸੀ ਮੌਕੇ ਉਹ ਕੁਝ ਸਮੇਂ ਲਈ ਪੈਰਿਸ ਰੁਕਣਗੇ ਜਿਥੇ ਮੋਦੀ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਨਾਲ ਮੁਲਾਕਾਤ ਕਰਨਗੇ।


ਆਪਣੇ ਵਿਦੇਸ਼ ਦੌਰੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕਿਹਾ,‘‘ਇਨ੍ਹਾਂ ਮੁਲਾਕਾਤਾਂ ਰਾਹੀਂ ਮੈਂ ਆਪਣੇ ਯੂਰਪੀ ਭਾਈਵਾਲਾਂ ਨਾਲ ਸਹਿਯੋਗ ਦੀ ਭਾਵਨਾ ਨੂੰ ਹੋਰ ਮਜ਼ਬੂਤ ਬਣਾਉਣ ਦੀ ਇੱਛਾ ਰਖਦਾ ਹਾਂ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਯੂਰੋਪ ਦਾ ਦੌਰਾ ਅਜਿਹੇ ਸਮੇਂ ’ਚ ਹੋ ਰਿਹਾ ਹੈ ਜਦੋਂ ਇਹ ਖਿੱਤਾ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਤੇ ਉਹ ਭਾਰਤ ਦੇ ਯੂਰਪੀ ਭਾਈਵਾਲਾਂ ਨਾਲ ਸਹਿਯੋਗ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸ਼ਾਂਤੀ ਤੇ ਖੁਸ਼ਹਾਲੀ ਦੀ ਭਾਰਤ ਦੀ ਇੱਛਾ ’ਚ ਯੂਰਪੀ ਭਾਈਵਾਲ ਅਹਿਮ ਸਾਥੀ ਹਨ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੂਰੋਪ ਦੌਰੇ ਲਈ ਰਵਾਨਾ ਹੋਣ ਤੋਂ ਪਹਿਲਾਂ ਭਾਰਤ ਨੇ ਮੁੜ ਯੂਕਰੇਨ ਵਿੱਚ ਦੁਸ਼ਮਣੀ ਖ਼ਤਮ ਕਰਨ ਤੇ ਟਕਰਾਅ ਦਾ ਹੱਲ ਸੰਵਾਦ ਤੇ ਕੂਟਨੀਤੀ ਰਾਹੀਂ ਕੱਢਣ ਦਾ ਸੱਦਾ ਦਿੱਤਾ। ਨਵ-ਨਿਯੁਕਤ ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਨੇ ਯੂਕਰੇਨ ਬਾਰੇ ਭਾਰਤ ਦੇ ਰੁਖ਼ ਦਾ ਹਵਾਲਾ ਦਿੰਦਿਆਂ ‘ਸੰਦਰਭ, ਸਪੱਸ਼ਟਤਾ, ਅਹਿਮੀਅਤ ਤੇ ਸਕਾਰਾਤਮਕ ਪਹੁੰਚ’ ਦਾ ਜ਼ਿਕਰ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਬਾਰੇ ਕੋਈ ਸ਼ੱਕ ਨਹੀਂ ਰਹਿਣਾ ਚਾਹੀਦਾ।


ਦੱਸਣਯੋਗ ਹੈ ਕਿ ਇਸ ਸਾਲ ਮੋਦੀ ਆਪਣੇ ਪਹਿਲੇ ਵਿਦੇਸ਼ ਦੌਰੇ ’ਤੇ ਜਾ ਰਹੇ ਹਨ। ਤਿੰਨ ਦਿਨਾਂ ਦੌਰਾਨ ਉਹ ਜਰਮਨੀ, ਡੈੱਨਮਾਰਕ ਤੇ ਫਰਾਂਸ ਜਾਣਗੇ। ਵਿਦੇਸ਼ ਸਕੱਤਰ ਨੇ ਕਿਹਾ ਕਿ ਯੂਕਰੇਨ ਬਾਰੇ ਭਾਰਤ ਦਾ ਰੁਖ਼ ਬਿਲਕੁਲ ਸਪੱਸ਼ਟ ਹੈ। ਭਾਰਤ ਨੇ ਆਪਣਾ ਨਜ਼ਰੀਆ ਹੋਰਾਂ ਮੁਲਕਾਂ ਨਾਲ ਵੀ ਸਾਂਝਾ ਕੀਤਾ ਹੈ। ਕਵਾਤਰਾ ਨੇ ਕਿਹਾ ਕਿ ਇਹ ਦੌਰਾ ਤਿੰਨ ਯੂਰਪੀ ਮੁਲਕਾਂ ਨਾਲ ਭਾਰਤ ਦੇ ਦੁਵੱਲੇ ਰਿਸ਼ਤਿਆਂ ਦੇ ਵਿਸਤਾਰ ਉਤੇ ਕੇਂਦਰਿਤ ਹੈ। ਵਪਾਰ ਤੇ ਨਿਵੇਸ਼, ਸਾਫ਼ ਊਰਜਾ, ਡਿਜੀਟਲ ਤਕਨੀਕ ਤੇ ਰੱਖਿਆ ਖੇਤਰਾਂ ਵਿਚ ਸਹਿਯੋਗ ਵਧਾਇਆ ਜਾਵੇਗਾ।


ਉਨ੍ਹਾਂ ਕਿਹਾ ਕਿ ਕੌਮਾਂਤਰੀ ਭਾਈਵਾਲ ਯੂਕਰੇਨ ਬਾਰੇ ਭਾਰਤ ਦੇ ਨਜ਼ਰੀਏ ਨੂੰ ਸਮਝਦੇ ਹਨ ਤੇ ਇਸ ਦੀ ਡੂੰਘੀ ਕਦਰ ਵੀ ਕਰਦੇ ਹਨ। ਕਵਾਤਰਾ ਨੇ ਕਿਹਾ ਕਿ ਮੋਦੀ ਦੇ ਦੌਰੇ ਦੌਰਾਨ ਊਰਜਾ ਸੁਰੱਖਿਆ ਬਾਰੇ ਵੀ ਖੁੱਲ੍ਹ ਕੇ ਗੱਲਬਾਤ ਹੋਵੇਗੀ ਕਿਉਂਕਿ ਮੌਜੂਦਾ ਹਾਲਤਾਂ ’ਚ ਇਸ ਦੀ ਅਹਿਮੀਅਤ ਕਾਫ਼ੀ ਵਧ ਗਈ ਹੈ। ਰੂਸ ਦੇ ਊਰਜਾ ਸਰੋਤਾਂ ਉਤੋਂ ਨਿਰਭਰਤਾ ਘਟਾਉਣ ਲਈ ਯੂਰੋਪ ਵਿਚ ਵਿਆਪਕ ਵਿਚਾਰ-ਚਰਚਾ ਚੱਲ ਰਹੀ ਹੈ।


ਵਿਦੇਸ਼ ਸਕੱਤਰ ਨੇ ਊਰਜਾ ਸੁਰੱਖਿਆ ਦੇ ‘ਬਦਲ ਰਹੇ ਤੱਤਾਂ’ ਦਾ ਜ਼ਿਕਰ ਕਰਦਿਆਂ ਇਸ ਦੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਉਤੇ ਪੈਣ ਵਾਲੇ ਅਸਰਾਂ ਬਾਰੇ ਗੱਲ ਕੀਤੀ। ਉਨ੍ਹਾਂ ਇਸ ਖੇਤਰ ਦੀਆਂ ਚੁਣੌਤੀਆਂ ਤੇ ਚੁਣੌਤੀਆਂ ਦੇ ਅਸਰਾਂ ਨੂੰ ਘਟਾਉਣ ਦੀ ਅਹਿਮੀਅਤ ਬਾਰੇ ਵੀ ਗੱਲ ਕੀਤੀ। ਕਵਾਤਰਾ ਨੇ ਦੱਸਿਆ ਕਿ ਮੋਦੀ ਤੇ ਜਰਮਨੀ ਦੇ ਚਾਂਸਲਰ ਓਲਫ ਸ਼ੁਲਜ਼ ਛੇਵੇਂ ਭਾਰਤ-ਜਰਮਨੀ ਅੰਤਰ-ਸਰਕਾਰ ਤਾਲਮੇਲ ਬੈਠਕ (ਆਈਜੀਸੀ) ਦੀ ਪ੍ਰਧਾਨਗੀ ਕਰਨਗੇ।


ਇਸ ਤੋਂ ਬਾਅਦ ਮੋਦੀ ਤੇ ਸ਼ੁਲਜ਼ ਦੋਵਾਂ ਮੁਲਕਾਂ ਦੇ ਚੋਟੀ ਦੇ ਕਾਰੋਬਾਰੀ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਜਰਮਨੀ ਤੋਂ ਮੋਦੀ ਡੈਨਿਸ਼ ਪ੍ਰਧਾਨ ਮੰਤਰੀ ਦੇ ਸੱਦੇ ’ਤੇ ਕੋਪਨਹੇਗਨ ਜਾਣਗੇ। ਉੱਥੇ ਉਹ ਭਾਰਤ-ਨੌਰਡਿਕ ਸਿਖ਼ਰ ਸੰਮੇਲਨ ਵਿਚ ਹਿੱਸਾ ਲੈਣਗੇ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਤੇ ਹੋਰ ਸੀਨੀਅਰ ਆਗੂ ਵੀ ਮੋਦੀ ਨਾਲ ਜਰਮਨੀ ਜਾ ਸਕਦੇ ਹਨ।


ਇਹ ਵੀ ਪੜ੍ਹੋ: Himanshi Khurana Photos: ਹਿਮਾਂਸ਼ੀ ਖੁਰਾਣਾ ਦੇ ਅੰਦਾਜ਼ ਦੇ ਕਾਇਲ ਹੋਏ ਫੈਨਜ਼, ਸਾਦਗੀ 'ਤੇ ਦਿਲ ਹਾਰ ਬੈਠੇ