ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ 'ਚ ਹਰ ਦਿਨ ਰਿਕਾਰਡ ਤੋੜ ਮਾਮਲੇ ਦਰਜ ਕੀਤੇ ਜਾ ਰਹੇ ਹਨ। ਕੋਰੋਨਾ ਇਨਫੈਕਸ਼ਨ ਦੀ ਖਤਰਨਾਕ ਵਾਧੇ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀਰਵਾਰ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਬੈਠਕ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ ਮੁੱਖ ਮੰਤਰੀਆਂ ਦੇ ਸਾਥ ਕੋਰੋਨਾ ਰੋਕੂ ਉਪਾਵਾਂ 'ਤੇ ਚਰਚਾ ਦੇ ਨਾਲ ਹੀ ਉਨ੍ਹਾਂ ਮੁਸ਼ਕਿਲ ਕਦਮਾਂ ਨੂੰ ਵੀ ਸੂਚੀਬੱਧ ਕੀਤਾ।


ਪੀਐਮ ਮੋਦੀ ਨੇ ਵਧਦੇ ਕੋਵਿਡ-19 ਦੇ ਮਾਮਲਿਆਂ ਨਾਲ ਨਜਿੱਠਣ ਲਈ ਇਹ ਪੰਜ ਵੱਡੀਆਂ ਗੱਲਾਂ ਕਹੀਆਂ ਹਨ।


1. ਸਾਡਾ ਜੋਰ ਮਾਇਕ੍ਰੋ-ਕੰਟੇਨਮੈਂਟ ਜ਼ੋਨ, ਨਾਈਟ ਕਰਫਿਊ 'ਤੇ ਹੋਣਾ ਚਾਹੀਦਾ ਹੈ। ਕੋਵਿਡ ਕਰਫਿਊ ਦੇ ਰੂਪ 'ਚ ਪ੍ਰਚਾਰਤ ਨਾਈਟ ਕਰਫਿਊ ਲੋਕਾਂ ਨੂੰ ਇਸ ਗੱਲ ਲਈ ਅਲਰਟ ਕਰੇਗਾ ਕਿ ਇਕ ਮਹਾਮਾਰੀ ਚੱਲ ਰਹੀ ਹੈ।


2. ਪ੍ਰੋਐਕਟਿਵ ਟੈਸਟਿੰਗ ਕਰਨਾ- ਇਹ ਐਸਿਮਟੋਮੈਟਿਕ ਮਰੀਜ਼ਾਂ ਦੀ ਪਛਾਣ ਕਰਨ ਲਈ ਜ਼ਰੂਰੀ ਹੈ। ਕਈ ਅਲਿਮਟੋਮੈਟਿਕ ਲੋਕ ਆਪਣੇ ਪੂਰੇ ਪਰਿਵਾਰਾਂ ਨੂੰ ਇਨਫੈਕਟਡ ਕਰ ਰਹੇ ਹਨ। ਉਦੇਸ਼ ਇਹ ਹੈ ਕਿ 70 ਫੀਸਦ ਟੈਸਟਿੰਗ ਆਰਟੀ-ਪੀਸੀਆਰ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸੈਂਪਲ ਨੂੰ ਠੀਕ ਕਰਨ ਨਾਲ ਇਕੱਠੇ ਕਰਨਾ ਯਕੀਨੀ ਕਰਨਾ ਹੈ।


3. ਪੌਜ਼ਿਟੀਵਿਟੀ ਰੇਟ 50 ਫੀਸਦ ਤੋਂ ਘੱਟ ਕਰਨਾ ਹੈ ਤੇ ਮੌਤ ਦਰ 'ਚ ਕਮੀ ਲਿਆਉਣੀ ਹੈ। ਮੌਤਾਂ ਦੇ ਅੰਕੜਿਆਂ ਦਾ ਵਿਸਥਾਰ ਨਾਲ ਵਿਸ਼ਲੇਸ਼ਣ ਕੀਤਾ ਜਾਣਾ ਚਾਹੀਦਾ ਹੈ ਤੇ ਹਰ ਪੋਰਟਲ 'ਤੇ ਉਪਲਬਧ ਕਰਾਇਆ ਜਾਣਾ ਚਾਹੀਦਾ ਹੈ।


4. ਵੈਕਸੀਨ ਦੀ ਬਰਬਾਦੀ ਰੋਕਣੀ ਹੈ। 11 ਤੋਂ 14 ਅਪ੍ਰੈਲ ਤਕ ਵੈਕਸੀਨ ਫੈਸਟੀਵਲ ਦਾ ਆਯੋਜਨ ਕਰਨਾ ਚਾਹੀਦਾ ਹੈ। ਜਿਸ ਦੌਰਾਨ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਟੀਕਾ ਲਾਉਣਾ ਚਾਹੀਦਾ ਹੈ।


5. ਅਜਿਹੇ ਲੋਕਾਂ ਨੂੰ ਜਾਗਰੂਕ ਕਰਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ ਜੋ ਮਹਾਮਾਰੀ ਨੂੰ ਲੈਕੇ ਬੇਪ੍ਰਵਾਹ ਹਨ। ਸੂਬਿਆਂ ਨੂੰ ਸਰਬਦਲੀ ਬੈਠਕਾਂ ਆਯੋਜਿਤ ਕਰਨੀਆਂ ਚਾਹੀਦੀਆਂ ਹਨ। ਜਨ ਜਾਗਰੂਕਤਾ ਅਭਿਆਨ ਹੋਣਾ ਚਾਹੀਦਾ ਹੈ।


ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਬੇਹੱਦ ਖਤਰਨਾਕ ਦੱਸੀ ਜਾ ਰਹੀ ਹੈ। ਹਰ ਦਿਨ ਇਕ ਲੱਖ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਜਾ ਰਹੇ ਹਨ। ਵੀਰਵਾਰ ਰਿਕਾਰਡ 1.27 ਲੱਖ ਨਵੇਂ ਮਾਮਲੇ ਦਰਜ ਕੀਤੇ ਗਏ। ਪਿਛਲੇ ਸਾਲ ਸਤੰਬਰ ਮਹੀਨੇ 'ਚ ਮਾਮਲੇ ਪੀਕ 'ਤੇ ਸਨ ਤੇ ਹਰ ਦਿਨ 98000 ਤੋਂ ਜ਼ਿਆਦਾ ਕੇਸ ਦਰਜ ਕੀਤੇ ਜਾ ਰਹੇ ਸਨ। ਵਧਦੇ ਮਾਮਲਿਆਂ ਦੀ ਵਜ੍ਹਾ ਨਾਲ ਭਾਰਤ ਦੁਨੀਆਂ ਦਾ ਤੀਜਾ ਸਭ ਤੋਂ ਜ਼ਿਆਦਾ ਕੋਰੋਨਾ ਪ੍ਰਭਾਵਿਤ ਦੇਸ਼ ਬਣ ਗਿਆ ਹੈ।