ਨਵੀਂ ਦਿੱਲੀ: ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿੱਚ ਜਵਾਬ ਦਿੱਤਾ। ਪ੍ਰਧਾਨ ਮੰਤਰੀ ਨੇ ਕਾਂਗਰਸ ਦਾ ਨਾਂ ਲਏ ਬਿਨਾ ਤਿੱਖਾ ਹਮਲਾ ਕੀਤਾ। ਵਿਰੋਧੀਆਂ ਦੇ ਲਗਾਤਾਰ ਹੰਗਾਮੇ ਤੇ ਸ਼ੋਰ-ਸ਼ਰਾਬੇ ਵਿਚਾਲੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਬਟਵਾਰੇ ਦੀ ਕੀਮਤ ਅੱਜ ਮੁਲਕ ਭੁਗਤ ਰਿਹਾ ਹੈ।


ਪ੍ਰਧਾਨ ਮੰਤਰੀ ਨੇ ਕਿਹਾ, "ਸਾਡੇ ਮੁਲਕ ਵਿੱਚ ਸੂਬਿਆਂ ਦੀ ਰਚਨਾ ਅਟਲ ਜੀ ਨੇ ਵੀ ਕੀਤੀ ਸੀ। ਤਿੰਨ ਸੂਬੇ ਬਣਾਏ। ਉਹ ਇਤਿਹਾਸਕ ਸੀ।" ਉਨ੍ਹਾਂ ਕਿਹਾ, "ਤੁਸੀਂ ਮੁਲਕ ਵੰਡਿਆ, ਜਿਸ ਦੀ ਕੀਮਤ ਅੱਜ ਵੀ ਅਸੀਂ ਅਦਾ ਕਰ ਰਹੇ ਹਾਂ। ਅੱਜ ਇੱਕ ਦਿਨ ਵੀ ਅਜਿਹਾ ਨਹੀਂ ਹੁੰਦਾ ਜਦੋਂ ਤੁਹਾਡੇ ਪਾਪ ਦੀ ਸਜ਼ਾ ਮੁਲਕ ਨਾ ਭੁਗਤ ਰਿਹਾ ਹੋਵੇ। ਤੁਸੀਂ ਮੁਲਕ ਦੇ ਟੁਕੜੇ ਕਰ ਦਿੱਤੇ।"

ਪ੍ਰਧਾਨ ਮੰਤਰੀ ਨੇ ਕਿਹਾ, "ਵਿਰੋਧੀ ਜਦੋਂ ਨਿਖੇਧੀ ਕਰਦੇ ਹਨ ਤਾਂ ਉਨ੍ਹਾਂ ਕੋਲ ਤੱਥ ਘੱਟ ਹੁੰਦੇ ਹਨ। ਤੁਸੀਂ ਭਾਰਤ ਮਾਂ ਦੇ ਟੁਕੜੇ ਕਰ ਦਿੱਤੇ। ਇਸ ਦੇ ਬਾਵਜੂਦ ਮੁਲਕ ਨੇ ਤੁਹਾਡਾ ਸਾਥ ਦਿੱਤਾ। ਜਦੋਂ ਤੁਸੀਂ ਰਾਜ ਕੀਤਾਂ ਤਾਂ ਵਿਰੋਧੀ ਧਿਰ ਸਿਰਫ ਨਾਂ ਦਾ ਹੀ ਸੀ। ਮੀਡੀਆ ਵੀ ਦੇਸ਼ ਦੇ ਭਲੇ ਦੇ ਨਾਂ 'ਤੇ ਤੁਹਾਡੇ ਨਾਲ ਚੱਲਦਾ ਰਿਹਾ।"

ਉਨ੍ਹਾਂ ਕਿਹਾ, "ਰੇਡੀਓ ਕਾਂਗਰਸ ਦੇ ਸੁਰ ਸੁਣਾਉਂਦਾ ਸੀ ਤੇ ਟੀਵੀ ਵੀ ਤੁਹਾਨੂੰ ਸਮਰਪਿਤ ਸਨ। ਜੂਡੀਸ਼ਰੀ ਵੀ ਕਾਂਗਰਸ ਪਾਰਟੀ ਹੀ ਤੈਅ ਕਰਦੀ ਸੀ। ਪੰਚਾਇਤ ਤੋਂ ਸੰਸਦ ਤੱਕ ਤੁਹਾਡਾ ਝੰਡਾ ਸੀ ਪਰ ਤੁਸੀਂ ਇਤਿਹਾਸ ਨੂੰ ਭੁਲਾ ਕੇ ਸਾਰਿਆਂ ਨੂੰ ਇੱਕ ਹੀ ਪਰਿਵਾਰ ਦੇ ਗੀਤ ਗਾਉਣ ਲਾ ਦਿੱਤਾ।"