ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਇਕ ਵਾਰ ਫਿਰ ਕਿਸਾਨ ਅੰਦੋਲਨ ਨੂੰ ਲੈਕੇ ਵਿਰੋਧੀਆਂ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਲੋਕਸਭਾ 'ਚ ਕਿਹਾ ਕਿ ਕਿਸਾਨ ਅੰਦੋਲਨ ਨੂੰ ਪਵਿੱਤਰ ਮੰਨਦਾ ਹਾਂ, ਅੰਦੋਲਨਜੀਵੀਆਂ ਨੇ ਇਸ ਨੂੰ ਅਪਵਿੱਤਰ ਕੀਤਾ ਹੈ।


ਉਨ੍ਹਾਂ ਕਿਹਾ, 'ਅੰਦੋਲਨ ਦਾ ਨਵਾਂ ਤਰੀਕਾ ਹੈ। ਅੰਦੋਲਨਕਾਰੀ ਅਜਿਹੇ ਤਰੀਕੇ ਨਹੀਂ ਅਪਣਾਉਂਦੇ ਹਨ, ਅੰਦੋਲਨਜੀਵੀ ਹੀ ਅਜਿਹੇ ਤਰੀਕੇ ਅਪਣਾਉਂਦੇ ਹਨ। ਉਨ੍ਹਾਂ ਦਾ ਕਹਿਣਾ ਹੁੰਦਾ ਹੈ ਕਿ ਅਜਿਹਾ ਹੋਵੇਗਾ ਤਾਂ ਅਜਿਹਾ ਹੋ ਜਾਵੇਗਾ। ਜੋ ਹੋਇਆ ਨਹੀਂ ਉਸ ਦਾ ਡਰ ਫੈਲਾਇਆ ਜਾ ਰਿਹਾ ਹੈ। ਇਹ ਚਿੰਤਾ ਦਾ ਵਿਸ਼ਾ ਹੈ। ਇਹ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ।'


ਪੀਐਮ ਨੇ ਕਿਹਾ, 'ਜਦੋਂ ਤੱਥਾਂ ਦੇ ਆਧਾਰ 'ਤੇ ਗੱਲ ਨਹੀਂ ਟਿਕਦੀ ਹੈ ਤਾਂ ਅਜਿਹਾ ਹੋ ਜਾਂਦਾ ਹੈ ਜੋ ਅਜੇ ਹੋਇਆ ਹੈ। ਖਦਸ਼ਿਆਂ ਨੂੰ ਹਵਾ ਦਿੱਤਾ ਜਾਂਦੀ ਹੈ। ਮਾਹੌਲ ਅੰਦੋਲਨਜੀਵੀ ਪੈਦਾ ਕਰਦੇ ਹਨ। ਕਿਸਾਨ ਅੰਦੋਲਨ ਨੂੰ ਪਵਿੱਤਰ ਮੰਨਦਾ ਹਾਂ। ਭਾਰਤ ਦੇ ਲੋਕਤੰਤਰ 'ਚ ਅੰਦੋਲਨ ਦਾ ਮਹੱਤਵ ਹੈ। ਇਹ ਜ਼ਰੂਰੀ ਹੈ। ਜਦੋਂ ਅੰਦੋਲਨਜੀਵੀ ਪਵਿੱਤਰ ਅੰਦੋਲਨ ਨੂੰ ਆਪਣੇ ਲਾਭ ਦੇ ਲਈ ਬਰਬਾਦ ਕਰਨ ਲਈ ਨਿੱਕਲਦੇ ਹਨ ਤਾਂ ਕੀ ਹੁੰਦਾ ਹੈ?'


ਉਨ੍ਹਾਂ ਕਿਹਾ, 'ਕੋਈ ਮੈਨੂੰ ਦੱਸੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੀ ਗੱਲ ਹੋਵੇ ਅਤੇ ਜੇਲ੍ਹ 'ਚ ਬੰਦ ਸੰਪਰਦਾਇਕ, ਅੱਤਵਾਦੀ ਤੇ ਨਕਸਲੀ ਜੋ ਜੇਲ੍ਹ 'ਚ ਹਨ ਉਨ੍ਹਾਂ ਦੀ ਫੋਟੋ ਲੈਕੇ ਮੰਗ ਕਰਨਾ ਇਹ ਕਿਸਾਨ ਅੰਦੋਲਨ ਨੂੰ ਅਪਵਿੱਤਰ ਕਰਨ ਦੀ ਮੰਗ ਹੈ ਜਾਂ ਨਹੀਂ?'


ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇਸ਼ 'ਚ ਟੋਲ ਪਲਾਜ਼ਾ ਨੂੰ ਸਾਰੀਆਂ ਸਰਕਾਰ ਨੇ ਸਵੀਕਾਰ ਕੀਤਾ। ਇਸ ਨੂੰ ਤੋੜ ਦਿੱਤਾ ਗਿਆ। ਇਹ ਤਰੀਕੇ ਅੰਦੋਲਨ ਨੂੰ ਅਪਵਿੱਤਰ ਕਰਨ ਦਾ ਯਤਨ ਹੈ ਕਿ ਨਹੀਂ? ਟੈਲੀਕੌਮ ਦੇ ਟਾਵਰ ਤੋੜ ਦਿੱਤੇ ਗਏ, ਇਹ ਕਿਸਾਨ ਅੰਦੋਲਨਕਾਰੀਆਂ ਦੀ ਮੰਗ ਹੈ ਕੀ? ਇਹ ਕੰਮ ਅੰਦੋਲਨਕਾਰੀਆਂ ਨੇ ਨਹੀਂ ਅੰਦੋਲਨਜੀਵੀਆਂ ਨੇ ਕੀਤਾ ਹੈ। ਦੇਸ਼ ਨੂੰ ਅੰਦੋਲਨਜੀਵੀਆਂ ਤੋਂ ਬਚਾਉਣਾ ਹੋਵੇਗਾ। ਦੇਸ਼ ਨੂੰ ਗੁੰਮਰਾਹ ਕਰਨ ਵਾਲਿਆਂ ਨੂੰ ਪਛਾਣਨਾ ਹੋਵੇਗਾ।