ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਆਯੁਸ਼ਮਾਨ ਭਾਰਤ ਰਾਸ਼ਟਰੀ ਸਵਾਸਥ ਸੁਰੱਖਿਆ ਮਿਸ਼ਨ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਦੇ ਤਹਿਤ 10 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਹਰ ਸਾਲ ਪੰਜ ਲੱਖ ਰੁਪਏ ਦਾ ਸਿਹਤ ਬੀਮਾ ਦਿੱਤਾ ਜਾਏਗਾ। ਇਸ ਯੋਜਨਾ ਦਾ ਨਾਂ ਬਦਲ ਕੇ ਪ੍ਰਧਾਨ ਮੰਤਰੀ ਜਨ ਅਰੋਗ ਅਭਿਆਨ ਕਰ ਦਿੱਤਾ ਗਿਆ ਹੈ। ਇਸ ਨਾਲ 50 ਕਰੋੜ ਤੋਂ ਵੱਧ ਲੋਕਾਂ ਨੂੰ ਲਾਭ ਮਿਲੇਗਾ।

ਲਾਭਪਾਤਰੀ ਸਰਕਾਰੀ ਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਇਸਦਾ ਲਾਭ ਲੈ ਸਕਦੇ ਹਨ। ਇਸ ਯੋਜਨਾ ਦੇ ਦਾਇਰੇ ਵਿੱਚ ਗ਼ਰੀਬ, ਪੱਛੜੇ ਪੇਂਡੂ ਪਰਿਵਾਰ ਤੇ ਸ਼ਹਿਰੀ ਵਰਕਰ ਪਰਿਵਾਰਾਂ ਦੀਆਂ ਪੇਸ਼ੇਵਰ ਸ਼੍ਰੇਣੀਆਂ ਆਉਣਗੀਆਂ। ਨਵੀਨਤਮ ਸਮਾਜਕ ਆਰਥਕ ਜਾਤੀ ਜਨਗਣਨਾ (SECC) ਦੇ ਹਿਸਾਬ ਨਾਲ ਪਿੰਡਾਂ ਵਿੱਚ ਅਜਿਹੇ 50 ਕਰੋੜ ਲੋਕ ਹਨ। SECC ਦੇ ਡੇਟਾਬੇਸ ਦੇ ਅੰਕੜਿਆਂ ਤੋਂ ਲਾਭਪਾਤਰੀਆਂ ਦੀ ਪਛਾਣ ਕੀਤੀ ਜਾ ਰਹੀ ਹੈ।

ਸ਼ਹਿਰੀ ਖੇਤਰਾਂ ਵਿੱਚ 11 ਪੇਸ਼ੇਵਰ ਯੋਗਤਾ ਤੈਅ ਕਰਨਗੇ। ਇਨ੍ਹਾਂ ਵਿੱਚ ਕੂੜਾ ਚੁੱਕਣ ਵਾਲੇ, ਭਿਖਾਰੀ, ਘਰੇਲੂ ਸਹਾਇਕ, ਰੇਹੜੀ-ਪਟਰੀ ਵਾਲੇ, ਮੋਚੀ, ਫੇਰੀਵਾਲੇ ਜਾਂ ਸੜਕ ’ਤੇ ਸੇਵਾਵਾਂ ਦੇਣ ਵਾਲੇ ਹੋਰ ਸਫਾਈਕਰਮੀ, ਵੈਲਡਰ, ਸਫੈਦੀ ਕਰਨ ਵਾਲੇ, ਰਾਜ ਮਿਸਤਰੀ ਆਦਿ ਸ਼ਾਮਲ ਹਨ।

ਇਸ ਦੇ ਇਲਾਵਾ ਜਿਨ੍ਹਾਂ ਸੂਬਿਆਂ ਵਿੱਚ ਰਾਸ਼ਟਰੀ ਸਵਾਸਥ ਬੀਮਾ ਯੋਜਨਾ ਹੈ, ਉਸ ਦੇ ਲਾਭਪਾਤਰੀ ਵੀ ਇਸ ਯੋਜਨਾ ਦੇ ਅਧੀਨ ਆਉਣਗੇ। ਪ੍ਰਧਾਨ ਮੰਤਰੀ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ ਪਰ ਇਹ ਯੋਜਨਾ ਜਨਸੰਘ ਦੇ ਸਹਿ ਸੰਸਥਾਪਕ ਦੀਨ ਦਿਆਲ ਉਪਾਧਿਆਏ ਦੀ ਜੈਯੰਤੀ 25 ਸਤੰਬਰ ਤੋਂ ਸ਼ੁਰੂ ਹੋਏਗੀ। ਇਸ ਸਿਹਤ ਯੋਜਨਾ ਲਈ 27 ਸੂਬੇ ਤੇ ਕੇਂਦਰ ਸਾਸ਼ਤ ਪ੍ਰਦੇਸ਼ ਜੁੜਨ ਨੂੰ ਤਿਆਰ ਹਨ।

ਦੇਸ਼ ਭਰ ਵਿੱਚ 15 ਹਜ਼ਾਰ ਤੋਂ ਵੱਧ ਹਸਪਤਾਲਾਂ ਨੇ ਇਸ ਯੋਜਨਾ ਲਈ ਸੂਚੀ ਵਿੱਚ ਆਪਣੇ ਹਸਪਤਾਲਾਂ ਦੇ ਨਾਂ ਸ਼ਾਮਲ ਕਰਨ ਲਈ ਦਿਲਚਸਪੀ ਜਤਾਈ ਹੈ। ਇਨ੍ਹਾਂ ਵਿੱਚ ਨਿੱਜੀ ਤੇ ਸਰਕਾਰੀ ਹਸਪਤਾਲ ਸ਼ਾਮਲ ਹਨ।