ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਵਿੱਚ ਹੋਏ 11,500 ਕਰੋੜ ਰੁਪਏ ਦੀ ਘਪਲੇਬਾਜ਼ੀ ਦੇ ਮਾਮਲੇ ਵਿੱਚ ਪਹਿਲੀ ਗ੍ਰਿਫਤਾਰੀ ਹੋਈ ਹੈ। ਪੀ.ਐਨ.ਬੀ. ਦੀ ਮੁੰਬਈ ਬ੍ਰਾਂਚ ਦੇ ਸਾਬਕਾ ਉਪ-ਪ੍ਰਬੰਧਕ ਗੋਕੁਲਨਾਥ ਸ਼ੈੱਟੀ ਨੂੰ ਬੈਂਕ ਨੂੰ ਬਗ਼ੈਰ ਦੱਸੇ ਤੇ ਬੈਂਕ ਨੂੰ ਬਗ਼ੈਰ ਕਿਸੇ ਗਾਰੰਟੀ ਤੋਂ ਨੀਰਵ ਮੋਦੀ ਤੇ ਮੇਹੁਲ ਚੌਕਸੀ ਨੂੰ ਕਰਜ਼ ਦਿਵਾਉਣ ਦੇ ਇਲਜ਼ਾਮ ਹਨ। ਗੋਕੁਲਨਾਥ ਸ਼ੈੱਟੀ ਦੇ ਨਾਲ ਮਨੋਜ ਕਰਾਤ ਤੇ ਹੇਮੰਤ ਭੱਟ ਨਾਂਅ ਦੇ ਦੋ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਕੌਣ ਹੈ ਗੋਕੁਲਨਾਥ ਸ਼ੈੱਟੀ ਤੇ ਕਿਵੇਂ ਹੁੰਦਾ ਸੀ ਘੁਟਾਲਾ
ਗੋਕੁਲਨਾਥ ਸ਼ੈੱਟੀ ਪੰਜਾਬ ਨੈਸ਼ਨਲ ਬੈਂਕ ਦੀ ਮੁੰਬਈ ਬ੍ਰਾਂਚ ਦਾ ਸਾਬਕਾ ਡਿਪਟੀ ਮੈਨੇਜਰ ਹੈ ਤੇ ਉਸੇ ਦੇ ਕਹਿਣ 'ਤੇ ਹੀ ਪੀ.ਐਨ.ਬੀ. ਵੱਲੋਂ ਗਾਰੰਟੀ ਦਿੱਤੀ ਗਈ। ਹਾਲਾਂਕਿ ਗਾਰੰਟੀ ਦਿੱਤੇ ਹੋਣ ਦੀ ਜਾਣਕਾਰੀ ਬੈਂਕ ਦੇ ਸਿਸਟਮ ਵਿੱਚ ਮੌਜੂਦ ਨਹੀਂ ਸੀ। ਸ਼ੈੱਟੀ ਬੀਤੇ ਵਰ੍ਹੇ ਸੇਵਾਮੁਕਤ ਹੋ ਚੁੱਕਾ ਹੈ। ਉਸ 'ਤੇ ਇਲਜ਼ਾਮ ਹੈ ਕਿ ਉਸ ਨੇ ਬਿਨਾ ਬੈਂਕ ਨੂੰ ਦੱਸੇ ਉਸ ਦੀ ਗਾਰੰਟੀ 'ਤੇ ਡਾਇਮੰਡ ਕਿੰਗ ਨੀਰਵ ਮੋਦੀ ਤੇ ਗੀਤਾਂਜਲੀ ਜੈੱਮਜ਼ ਦੇ ਪ੍ਰਮੋਟਰ ਮੇਹੁਲ ਚੌਕਸੀ ਨੂੰ ਵਿਦੇਸ਼ਾਂ ਤੋਂ ਵੀ ਕਰਜ਼ ਦਿਵਾਏ ਸਨ।
ਪੀ.ਐਨ.ਬੀ. ਦੀ ਗਾਰੰਟੀ 'ਤੇ ਐਕਸਿਜ਼ ਬੈਂਕ ਤੇ ਇਲਾਹਾਬਾਕ ਬੈਂਕ ਨੇ ਵੀ ਪੈਸੇ ਦਿੱਤੇ ਸਨ। ਨੀਰਵ ਮੋਦੀ, ਮੇਹੁਲ ਚੌਕਸੀ ਨੇ ਜੋ ਪੈਸੇ ਪੀ.ਐਨ.ਬੀ. ਦੀ ਗਾਰੰਟੀ 'ਤੇ ਚੁੱਕੇ ਕਰਜ਼ ਨੂੰ ਵਾਪਸ ਨਹੀਂ ਕੀਤਾ। ਲਿਹਾਜ਼ਾ ਐਕਸਿਜ਼ ਬੈਂਕ ਤੇ ਇਲਾਹਾਬਾਦ ਬੈਂਕ ਦੇ ਵੀ ਪੈਸੇ ਫਸੇ ਹੋਏ ਹਨ ਤੇ 11 ਹਜ਼ਾਰ 500 ਕਰੋੜ ਦਾ ਘੁਟਾਲਾ ਦਰਜ ਹੋ ਗਿਆ ਹੈ।
ਮਹਾਰਾਸ਼ਟਰ, ਗੁਜਰਾਤ ਤੇ ਕੇਂਦਰ ਸਰਕਾਰਾਂ ਸਮੇਤ ਕਈ ਏਜੰਸੀਆਂ ਨੂੰ ਵੀ ਮਾਮਲੇ ਦੀ ਜਾਣਕਾਰੀ ਸੀ: ਕਾਂਗਰਸ
ਦੇਸ਼ ਦੇ ਇਸ ਸਭ ਤੋਂ ਵੱਡੇ ਬੈਂਕਿੰਗ ਘੁਟਾਲੇ ਦੀ ਬੀਤੇ ਚਾਰ ਦਿਨਾਂ ਤੋਂ ਖੂਬ ਚਰਚਾ ਹੋ ਰਹੀ ਹੈ ਤੇ ਇਸ ਮਾਮਲੇ 'ਤੇ ਵਿਰੋਧੀ ਧਿਰ ਨੇ ਸਰਕਾਰ ਨੂੰ ਕਰੜੇ ਹੱਥੀਂ ਲਿਆ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਫ਼ਤਰ, ਸਨਅਤੀ ਮਾਮਲੇ ਮੰਤਰਾਲਾ, ਇਨਫੋਰਸਮੈਂਟ ਡਾਇਰੈਕਟੋਰੇਟ, ਸੀਰੀਅਸ ਫਰੌਡ ਇਨਵੈਸਟੀਗੇਸ਼ਨ ਆਫਿਸ, ਸੇਬੀ, ਮਹਾਰਾਸ਼ਟਰ ਸਰਕਾਰ ਤੇ ਗੁਜਰਾਤ ਸਰਕਾਰ ਨੂੰ ਸੱਤ ਮਈ 2015 ਤੋਂ ਇਸ ਪੂਰੇ ਘੁਟਾਲੇ ਦੀ ਜਾਣਕਾਰੀ ਸੀ।