ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਵਿੱਚ ਹੋਏ ਘੁਟਾਲੇ ਦੀਆਂ ਨਿੱਤ ਨਵੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਘੁਟਾਲੇ ਦੀ ਰਕਮ ਲਗਾਤਾਰ ਵਧਦੀ ਜਾ ਰਹੀ ਹੈ। ਨਵੀਂ ਜਾਣਕਾਰੀ ਮੁਤਾਬਕ ਇਹ ਰਕਮ 25,000 ਕਰੋੜ ਦੀ ਹੋ ਸਕਦੀ ਹੈ।

ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਕਿ 31 ਮਾਰਚ, 2017 ਤੱਕ ਨੀਰਵ ਮੋਦੀ ਤੇ ਮੇਹੁਲ ਚੌਕਸੀ ਦੀਆਂ ਚਾਰ ਕੰਪਨੀਆਂ ਨੂੰ ਬੈਂਕਾਂ ਦਾ 13,066 ਕਰੋੜ ਰੁਪਏ ਦਾ ਕਰਜ਼ਾ ਵਾਪਸ ਕਰਨਾ ਸੀ ਪਰ ਇਸ ਤੋਂ ਬਾਅਦ ਵੀ ਗੀਤਾਂਜਲੀ ਨੇ ਬੈਂਕ ਤੋਂ 1700 ਕਰੋੜ ਰੁਪਏ ਦਾ ਕਰਜ਼ਾ ਹੋਰ ਲਿਆ।

ਇਸ ਨਵੀਂ ਜਾਣਕਾਰੀ ਤੋਂ ਬਾਅਦ ਇਹ ਸਾਫ ਹੋਇਆ ਹੈ ਕਿ ਕੁੱਲ ਕਰਜ਼ਾ ਕਰੀਬ 14,800 ਕਰੋੜ ਰੁਪਏ ਦਾ ਹੈ। ਹੁਣ ਘੁਟਾਲੇ ਦੇ ਸਾਹਮਣੇ ਆਉਣ ਤੋਂ ਬਾਅਦ ਇਨ੍ਹਾਂ ਪੈਸਿਆਂ ਦੇ ਵੀ ਫਸ ਜਾਣ ਦਾ ਡਰ ਹੈ। ਇਸ ਮੁਤਾਬਕ ਬੈਂਕਾਂ ਦਾ ਨੁਕਸਾਨ 25,000 ਕਰੋੜ ਤੋਂ ਵੀ ਜ਼ਿਆਦਾ ਦਾ ਹੋ ਸਕਦਾ ਹੈ।

ਪੰਜਾਬ ਨੈਸ਼ਨਲ ਬੈਂਕ ਵਿੱਚ ਅਰਬਾਂ ਦੀ ਇਸ ਘੁਟਾਲੇਬਾਜ਼ੀ ਲਈ ਨੀਰਵ ਤੇ ਮੇਹੁਲ ਚੌਕਸੀ ਨੇ ਅਲੱਗ-ਅਲੱਗ ਪਲਾਨਿੰਗ ਕੀਤੀ ਹੋਈ ਸੀ। ਇਸ ਨਵੇਂ ਖੁਲਾਸੇ ਨੇ ਪੰਜਾਬ ਨੈਸ਼ਨਲ ਬੈਂਕ ਦੇ ਪੂਰੇ ਮੈਨੇਜਮੈਂਟ ਸਿਸਟਮ ਨੂੰ ਹੀ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ ਹੈ।

ਸੀਬੀਆਈ ਨੇ ਹੁਣ ਜਾਂਚ ਦਾ ਦਾਇਰਾ ਵਧਾਉਂਦੇ ਹੋਏ ਉਨ੍ਹਾਂ ਲੋਕਾਂ ਨੂੰ ਰਡਾਰ 'ਤੇ ਲੈਣਾ ਸ਼ੁਰੂ ਕਰ ਦਿੱਤਾ ਹੈ ਜਿਹੜੇ ਕਿ ਮੇਹੁਲ ਚੌਕਸੀ ਤੇ ਨੀਰਵ ਮੋਦੀ ਦੇ ਅਰਬਾਂ ਦੇ ਕਾਰੋਬਾਰ ਨੂੰ ਸੰਭਾਲਦੇ ਸਨ। ਜਾਂਚ ਏਜੰਸੀ ਦੇ ਇੱਕ ਵੱਡੇ ਅਫਸਰ ਨੇ ਦੱਸਿਆ ਕਿ ਹਿਰਾਸਤ ਵਿੱਚ ਮੌਜੂਦ ਬੈਂਕ ਅਧਿਕਾਰੀਆਂ ਨੇ ਜਿਹੜੇ ਬਿਆਨ ਦਿੱਤੇ ਹਨ ਉਸ ਦੇ ਅਧਾਰ 'ਤੇ ਮਾਮਾ-ਭਾਂਜੇ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ।