ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਵਿੱਚ ਹੋਇਆ 11 ਹਜ਼ਾਰ 500 ਕਰੋੜ ਦਾ ਘੁਟਾਲਾ ਰੋਕਿਆ ਜਾ ਸਕਦਾ ਸੀ ਜੇਕਰ ਤਿੰਨ ਸਾਲ ਪਹਿਲਾਂ ਇਸ ਦੀ ਜਾਂਚ ਸ਼ੁਰੂ ਹੋ ਗਈ ਹੁੰਦੀ। ਵੈਭਵ ਖੁਰਾਨਿਆ ਉਹ ਇਨਸਾਨ ਹੈ ਜਿਸ ਨੇ ਤਿੰਨ ਸਾਲ ਪਹਿਲਾਂ ਘੁਟਾਲੇ ਦੀ ਸ਼ਿਕਾਇਤ ਕੀਤੀ ਸੀ। ਪੀਐਮਓ ਨੂੰ ਚਿੱਠੀ ਲਿਖ ਕਿ ਮੇਹੁਲ ਚੌਕਸੀ ਬਾਰੇ ਦੱਸਿਆ ਸੀ ਪਰ ਇਸ 'ਤੇ ਕੋਈ ਐਕਸ਼ਨ ਨਾ ਲਿਆ ਗਿਆ।

ਵੈਭਵ ਖੁਰਾਨਿਆ ਖੁਦ ਮੇਹੁਲ ਚੌਕਸੀ ਤੋਂ ਪੀੜਤ ਰਹੇ ਹਨ। ਉਨ੍ਹਾਂ 2013 ਵਿੱਚ ਮੇਹੁਲ ਚੌਕਸੀ ਦੇ ਬਰਾਂਡ ਗੀਤਾਂਜਲੀ ਦੀ ਫ੍ਰੈਂਚਾਇਜ਼ੀ ਲਈ ਸੀ। ਇਸ ਤੋਂ ਇਲਾਵਾ ਉਨ੍ਹਾਂ ਕਰੀਬ ਡੇਢ ਕਰੋੜ ਰੁਪਏ ਵੀ ਇਨਵੈਸਟ ਕੀਤੇ ਪਰ ਗੀਤਾਂਜਲੀ ਬਰਾਂਡ ਦੀ ਉਨ੍ਹਾਂ ਨੂੰ ਬੇਹੱਦ ਖਰਾਬ ਜਵੈਲਰੀ ਮਿਲੀ ਸੀ>

ਸ਼ਿਕਾਇਤ ਕਰਨ 'ਤੇ ਜਵੈਲਰੀ ਵਾਪਸ ਲੈ ਲਈ ਗਈ ਤੇ ਉਸ ਦੇ ਬਦਲੇ ਵੈਭਵ ਨੂੰ ਕੁਝ ਦਿੱਤਾ ਵੀ ਨਹੀਂ ਗਿਆ। ਇਸੇ ਕਾਰਨ ਵੈਭਵ ਨੂੰ ਸਟੋਰ ਵੀ ਬੰਦ ਕਰਨਾ ਪਿਆ। ਮਈ 2015 ਵਿੱਚ ਵੈਭਵ ਨੇ ਇਸ ਦੀ ਸ਼ਿਕਾਇਤ ਪ੍ਰਧਾਨ ਮੰਤਰੀ ਮੋਦੀ ਦੇ ਦਫਤਰ ਨੂੰ ਭੇਜੀ ਪਰ ਇਸ 'ਤੇ ਐਕਸ਼ਨ ਨਾ ਲਿਆ ਗਿਆ। ਜੁਲਾਈ 2016 ਵਿੱਚ ਕੋਰਟ ਦੇ ਹੁਕਮ ਤੋਂ ਬਾਅਦ ਸ਼ਿਕਾਇਤ 'ਤੇ ਐਫਆਈਆਰ ਦਰਜ ਕੀਤੀ ਗਈ।

11,500 ਕਰੋੜ ਦੇ ਘੁਟਾਲੇ ਤੋਂ ਬਾਅਦ ਪੀਐਨਬੀ ਦੀ ਮੁੰਬਈ ਬਰਾਂਡ ਨੂੰ ਸੀਬੀਆਈ ਨੇ ਸੋਮਵਾਰ ਨੂੰ ਸੀਲ ਕਰ ਦਿੱਤਾ। ਇਸ ਤੋਂ ਪਹਿਲਾਂ ਪੀਐਨਬੀ ਨੇ ਸਾਰੇ ਕਾਗਜ਼ ਜਾਂਚ ਏਜੰਸੀਆਂ ਨੂੰ ਸੌਂਪ ਦਿੱਤੇ ਹਨ। ਮੁਲਜ਼ਮ ਨੀਰਵ ਮੋਦੀ ਤੇ ਮੇਹੁਲ ਚੌਕਸੀ ਫਰਾਰ ਹਨ।