ਨਵੀਂ ਦਿੱਲੀ: ਪੀਐਨਬੀ ਘੁਟਾਲੇ ਨੂੰ ਲੈ ਕੇ ਮੁਲਕ ਦੀ ਰਾਜਨੀਤੀ ਵਿੱਚ ਗਹਿਮਾ-ਗਹਿਮੀ ਵਧ ਗਈ ਹੈ। ਕਾਂਗਰਸ ਪੀਐਮ ਮੋਦੀ 'ਤੇ ਰੋਜ਼ ਨਿਸ਼ਾਨੇ ਲਾ ਰਹੀ ਹੈ। ਅੱਜ ਵੀ ਕਾਂਗਰਸ ਨੇ ਮੋਦੀ 'ਤੇ ਵੱਡਾ ਹਮਲਾ ਕੀਤਾ। ਰਾਹੁਲ ਗਾਂਧੀ ਨੇ ਟਵੀਟ ਕੀਤਾ, "ਪਹਿਲਾਂ ਲਲਿਤ ਫਿਰ ਮਾਲਿਆ, ਹੁਣ ਨੀਰਵ ਵੀ ਫਰਾਰ। ਕਿੱਥੇ ਹੈ 'ਨਾ ਖਾਂਦਾ, ਨਾ ਖਾਣੇ ਦੂੰਗਾ' ਕਹਿਣ ਵਾਲਾ ਮੁਲਕ ਦਾ ਚੌਕੀਦਾਰ?" ਉਨ੍ਹਾਂ ਅੱਗੇ ਲਿਖਿਆ, "ਸਾਹਿਬ ਦੀ ਖਾਮੋਸ਼ੀ ਦਾ ਰਾਜ਼ ਪਤਾ ਕਰਨ ਲਈ ਜਨਤਾ ਬੇਕਰਾਰ, ਉਨ੍ਹਾਂ ਦੀ ਚੁੱਪੀ ਚੀਖ-ਚੀਖ ਕੇ ਦੱਸੇ ਉਹ ਕਿਨ੍ਹਾਂ ਦੇ ਹਨ ਵਫਾਦਾਰ।"
ਮੋਦੀ ਸਰਕਾਰ ਖਿਲਾਫ ਅਕਸਰ ਬੋਲਣ ਵਾਲੇ ਲੀਡਰ ਸ਼ਤਰੁਘਨ ਸਿਨ੍ਹਾ ਨੇ ਵੀ ਪੀਐਮ ਮੋਦੀ 'ਤੇ ਨਿਸ਼ਾਨਾ ਲਾਇਆ। ਉਨ੍ਹਾਂ ਟਵੀਟ ਕੀਤਾ, "ਹੇ ਪ੍ਰਧਾਨ ਸੇਵਕ, ਪ੍ਰਧਾਨ ਰਕਸ਼ਕ, ਚੌਂਕੀਦਾਰ-ਏ-ਵਤਨ। ਲੋਕ ਦਿਨ-ਦਿਹਾੜੇ ਘੁਟਾਲਾ ਕਰਕੇ ਮੁਲਕ ਛੱਡ ਕੇ ਭੱਜ ਗਏ ਹਨ। ਵਾਹ-ਵਾਹ, ਬੱਲੇ-ਬੱਲੇ। ਕੀ ਅਸੀਂ ਇਸ ਦਾ ਇਲਜ਼ਾਮ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ 'ਤੇ ਲਾ ਸਕਦੇ ਹਨ ਕਿਉਂਕਿ ਉਨ੍ਹਾਂ ਏਅਰਲਾਈਨਜ਼ ਨੂੰ ਇੰਟਰਨੈਸ਼ਨਲ ਆਪ੍ਰੇਸ਼ਨ ਲਾਇਸੰਸ ਦਿੱਤਾ ਸੀ।"
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਪੀਐਨਬੀ ਘੁਟਾਲੇ 'ਤੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੈਂਕ ਵਿੱਚ ਘੁਟਾਲੇ ਨੂੰ ਨੋਟਬੰਦੀ ਦੌਰਾਨ ਵਧਾਇਆ ਗਿਆ ਤੇ ਇਸ ਘੁਟਾਲੇ ਦੀ ਪੂਰੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਕਾਂਗਰਸੀ ਲੀਡਰ ਕਪਿਲ ਸਿੱਬਲ ਨੇ ਕਿਹਾ ਸੀ ਕਿ ਚੌਕੀਦਾਰ ਸੌਂਦਾ ਰਿਹਾ, ਪਕੌੜੇ ਬਣਾਉਂਦਾ ਰਿਹਾ ਤੇ ਚੋਰ ਗਾਇਬ ਹੋ ਗਏ।