ਚੰਡੀਗੜ੍ਹ: ਕਸੌਲੀ ਹੋਟਲ ਗੋਲ਼ੀਕਾਂਡ ਵਿੱਚ 5 ਅਫ਼ਸਰਾਂ ਉਤੇ ਸਰਕਾਰੀ ਗਾਜ ਡਿੱਗੀ ਹੈ। ਸੂਬਾ ਸਰਕਾਰ ਨੇ ਜ਼ਿਲੇ ਦੇ ਪੁਲਿਸ ਕਪਤਾਨ, ਉਪ ਪੁਲਿਸ ਕਪਤਾਨ, ਦੋ ਥਾਣਿਆਂ ਦੇ ਮੁਖੀਆਂ ਤੇ ਤਹਿਸੀਲਦਾਰ ਨੂੰ ਮੁਅੱਤਲ ਕਰ ਦਿੱਤਾ ਹੈ।
ਸਰਕਾਰ ਨੇ ਹਿਮਾਚਲ ਵਿੱਚ ਕਾਨੂੰਨ ਵਿਵਸਥਾ ਦਰੁਸਤ ਕਰਨ ਲਈ ਡੀਜੀਪੀ ਨੂੰ ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ। ਬੀਤੀ ਪਹਿਲੀ ਮਈ ਨੂੰ ਅਦਾਲਤ ਦੇ ਆਦੇਸ਼ ਉਤੇ ਕਸੌਲੀ ਵਿੱਚ ਗ਼ੈਰਕਾਨੂੰਨੀ ਹੋਟਲ ਨੂੰ ਤੋੜਨ ਗਈ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ 'ਤੇ ਨਰਾਇਣੀ ਹੋਟਲ ਦੇ ਮਾਲਕ ਨੇ ਫਾਇਰਿੰਗ ਕਰ ਦਿੱਤੀ ਸੀ। ਇਸ ਦੁਰਘਟਨਾ ਵਿੱਚ ਸੋਲਨ ਦੀ ਸਹਾਇਕ ਟਾਊਨ ਪਲਾਨਰ ਸ਼ੈਲ ਬਾਲਾ ਦੀ ਮੌਤ ਹੋ ਗਈ ਸੀ।
ਅਧਿਕਾਰੀ ਦੇ ਕਲਰਕ ਗੁਲਾਬ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਸੀ। ਜ਼ਖ਼ਮਾਂ ਦੀ ਤਾਬ ਨਾ ਝੱਲਣ ਕਾਰਨ ਉਸ ਦੀ ਵੀ ਮੌਤ ਹੋ ਗਈ ਸੀ। ਗੋਲ਼ੀ ਮਾਰਨ ਤੋਂ ਬਾਅਦ ਹੋਟਲ ਮਾਲਕ ਵਿਜੇ ਕੁਮਾਰ ਫਰਾਰ ਹੋ ਗਿਆ ਸੀ ਜਿਸ ਨੂੰ ਮਥੁਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਵੀਰਵਾਰ ਨੂੰ ਜੈਰਾਮ ਠਾਕੁਰ ਸਰਕਾਰ ਨੇ ਮੈਜਿਸਟ੍ਰੇਟੀ ਜਾਂਚ ਤੋਂ ਬਾਅਦ ਉਕਤ ਕਾਰਵਾਈ ਕੀਤੀ ਹੈ।