ਭੋਪਾਲ: ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਬਾਕਸ ਆਫਿਸ ਦੇ ਨਾਲ ਰਾਜਨੀਤੀ ਦਾ ਸੁਪਰ ਫ੍ਰਾਈਡੇ ਵੀ ਦੇਖਣ ਨੂੰ ਮਿਲਿਆ। ਅਜੈ ਦੇਵਗਨ ਦੀ ਫ਼ਿਲਮ "ਤਾਨਾਜੀ" ਤੇ ਦੀਪਿਕਾ ਦੀ ਫ਼ਿਲਮ "ਛਪਾਕ" ਦਾ ਮੁਕਾਬਲਾ ਬਾਕਸ ਆਫਿਸ ਨਾਲ ਰਾਜਨੀਤਕ ਪਾਰਟੀਆਂ ਦਰਮਿਆਨ ਸ਼ੁਰੂ ਹੋ ਗਿਆ ਹੈ। ਭੋਪਾਲ ਵਿੱਚ, ਇੱਕ ਪਾਸੇ ਜਿੱਥੇ ਕਾਂਗਰਸੀ ਵਰਕਰ ਫ਼ਿਲਮ "ਛਪਾਕ" ਲਈ ਮੁਫ਼ਤ ਟਿਕਟਾਂ ਵੰਡਦੇ ਦੇਖੇ ਗਏ, ਉਥੇ ਹੀ ਭਾਜਪਾ ਲੋਕਾਂ ਨੂੰ "ਤਾਨਾਜੀ" ਫ਼ਿਲਮ ਦਿਖਾ ਰਹੀ ਹੈ। ਇਸ ਰਾਜਨੀਤਕ ਹਲਚਲ ਕਾਰਨ, ਭੋਪਾਲ ਦੇ ਕਈ ਸਿਨੇਮਾ ਘਰਾਂ ਦੇ ਬਾਹਰ ਵਿਵਾਦ ਦੀ ਸਥਿਤੀ ਵੀ ਪੈਦਾ ਹੋ ਗਈ।

ਭੋਪਾਲ ਦਾ ਰੰਗ ਮਹਿਲ ਤੇ ਸੰਗੀਤ ਟਾਕੀਜ਼ ਮੁਫਤ ਫ਼ਿਲਮ ਟਿਕਟਾਂ ਵੰਡਣ ਵਾਲੀ ਭਾਜਪਾ-ਕਾਂਗਰਸ ਦੀ ਦੌੜ ਦਾ ਕੇਂਦਰ ਬਣ ਗਿਆ। ਇਸੇ ਦੌਰਾਨ ਦੋਵਾਂ ਧਿਰਾਂ ਵਿਚਾਲੇ ਟਕਰਾਅ ਵੀ ਦੇਖਣ ਨੂੰ ਮਿਲਿਆ। ਇੱਕ ਪਾਸੇ ਭਾਜਪਾ ਨੇਤਾ ਫ਼ਿਲਮ "ਤਾਨਾਜੀ" ਨੂੰ ਦੇਸ਼ ਭਗਤੀ ਨਾਲ ਜੋੜ ਕੇ ਲੋਕਾਂ ਨੂੰ ਫ਼ਿਲਮ ਵਿਖਣ ਲਈ ਅਪੀਲ ਕਰਦੇ ਨਜ਼ਰ ਆਏ ਉਥੇ ਹੀ ਕਾਂਗਰਸ ਨੇ "ਛਪਕ" ਨੂੰ ਔਰਤ ਸਸ਼ਕਤੀਕਰਨ ਨਾਲ ਜੋੜਿਆ ਤੇ ਦਰਸ਼ਕਾਂ ਨੂੰ ਇਸ ਨੂੰ ਵੇਖਣ ਦੀ ਅਪੀਲ ਕੀਤੀ। ਇਸ ਦੌਰਾਨ ਦੋਵੇਂ ਧਿਰਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਇਸ ਕਾਰਨ ਪ੍ਰਸ਼ਾਸਨ ਨੂੰ ਮੌਕੇ ‘ਤੇ ਹੀ ਪੁਲਿਸ ਫੋਰਸ ਤਾਇਨਾਤ ਕਰਨੀ ਪਈ। ਛਪਾਕ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਮੱਧ ਪ੍ਰਦੇਸ਼ 'ਚ ਟੈਕਸ ਮੁਕਤ ਐਲਾਨ ਕਰ ਦਿੱਤਾ ਗਿਆ ਹੈ।

ਦੀਪਿਕਾ ਪਾਦੂਕੋਣ ਹਾਲ ਹੀ ਵਿੱਚ ਜੇਐਨਯੂ ਹਿੰਸਾ ਪੀੜਤਾਂ ਨੂੰ ਮਿਲਣ ਪਹੁੰਚੀ ਸੀ। ਉਦੋਂ ਤੋਂ ਉਨ੍ਹਾਂ ਦੀ ਫ਼ਿਲਮ ਨੂੰ ਲੈ ਕੇ ਰਾਜਨੀਤੀ ਗਰਮਾਈ ਹੋਈ ਹੈ। ਭਾਜਪਾ ਅਤੇ ਸਹਿਯੋਗੀ ਪਾਰਟੀਆਂ ਦੇ ਨੇਤਾ ਉਸ 'ਤੇ ਟੁਕੜੇ-ਟੁਕੜੇ ਗਰੋਹ ਦਾ ਸਮਰਥਨ ਕਰਨ ਦਾ ਦੋਸ਼ ਲਗਾਉਂਦੇ ਨਜ਼ਰ ਆਏ।