ਨਵੀਂ ਦਿੱਲੀ: ਆਪਣੇ ਵਿਵਾਦਪੂਰਨ ਬਿਆਨਾਂ ਕਰਕੇ ਆਏ ਦਿਨ ਚਰਚਾਵਾਂ ਵਿੱਚ ਰਹਿਣ ਵਾਲੀ ਭਾਰਤੀ ਜਨਤਾ ਪਾਰਟੀ ਦੀ ਲੀਡਰ ਤੇ ਭੋਪਾਲ ਤੋਂ ਸੰਸਦ ਮੈਂਬਰ ਸਾਧਵੀ ਪ੍ਰੱਗਿਆ ਠਾਕੁਰ ਨੇ ਇੱਕ ਹੋਰ ਅਜੀਬ ਬਿਆਨ ਦਿੱਤਾ ਹੈ। ਉਨ੍ਹਾਂ ਬੀਜੇਪੀ ਨੇਤਾਵਾਂ ਦੀ ਮੌਤ ਬਾਰੇ ਬੇਤੁਕਾ ਬਿਆਨ ਦਿੰਦਿਆਂ ਕਿਹਾ ਹੈ ਕਿ ਵਿਰੋਧੀ ਧਿਰ ਮਾਰਕ ਸ਼ਕਤੀ ਦੀ ਵਰਤੋਂ ਕਰ ਰਿਹਾ ਹੈ। ਸਾਧਵੀ ਪ੍ਰੱਗਿਆ ਨੇ ਸੋਮਵਾਰ ਨੂੰ ਮ੍ਰਿਤਕ ਬੀਜੇਪੀ ਲੀਡਰਾਂ ਦੀ ਯਾਦ ਵਿੱਚ ਕਰਾਈ ਸ਼ਰਧਾਂਜਲੀ ਸਭਾ ਵਿੱਚ ਇਹ ਗੱਲ ਕਹੀ।
ਦੱਸ ਦਈਏ ਹਾਲ ਹੀ ਵਿੱਚ ਬੀਜੇਪੀ ਦੇ ਦੋ ਵੱਡੇ ਨੇਤਾਵਾਂ ਦਾ ਦਿਹਾਂਤ ਹੋ ਗਿਆ ਹੈ। ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਸਾਬਕਾ ਵਿੱਤ ਮੰਤਰੀ ਅਰੁਨ ਜੇਤਲੀ ਦੀ ਮੌਤ ਹੋ ਗਈ। ਸਾਧਵੀ ਦਾ ਇਹ ਬਿਆਨ ਇਨ੍ਹਾਂ ਦੋਵਾਂ ਲੀਡਰਾਂ ਦੀ ਮੌਤ ਦੇ ਹਵਾਲੇ ਨਾਲ ਸਬੰਧਤ ਹੈ। ਸਾਧਵੀ ਨੇ ਕਿਹਾ, 'ਵਿਰੋਧੀ ਧਿਰ ਨੇ ਬੀਜੇਪੀ ਲੀਡਰਾਂ 'ਤੇ ਮਾਰਕ ਸ਼ਕਤੀ ਦਾ ਇਸਤੇਮਾਲ ਕੀਤਾ ਹੈ।'
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਸਾਧਵੀ ਪ੍ਰੱਗਿਆ ਨੇ ਅਜਿਹਾ ਬਿਆਨ ਦਿੱਤਾ ਹੈ। ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਦੌਰਾਨ ਵੀ ਉਹ ਆਪਣੇ ਅਜਿਹੇ ਹੀ ਬਿਆਨਾਂ ਬਾਰੇ ਚਰਚਾ ਵਿੱਚ ਰਹੀ ਸੀ। ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਰਾਸ਼ਟਰ ਪਿਤਾ ਦਾ ਕਾਤਲ ਨੱਥੂਰਾਮ ਗੌਡਸੇ ਨੂੰ ਦੇਸ਼ ਭਗਤ ਕਿਹਾ ਸੀ। ਇੰਨਾ ਹੀ ਨਹੀਂ, ਉਨ੍ਹਾਂ ਮੁੰਬਈ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਏਟੀਐਸ ਮੁਖੀ ਹੇਮੰਤ ਕਰਕਰੇ ਬਾਰੇ ਵੀ ਇਤਰਾਜ਼ਯੋਗ ਬਿਆਨ ਦਿੱਤਾ ਸੀ।