ਨਵੀਂ ਦਿੱਲੀ: ਬੀਜੇਪੀ ਦੀ ਭਾਈਵਾਲ ਪਾਰਟੀ ਸ਼ਿਵ ਸੈਨਾ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਬੀਜੇਪੀ ਨਾਲ ਤੋੜ ਵਿਛੋੜਾ ਕਰਨ ਦਾ ਐਲਾਨ ਕਰ ਚੁੱਕੀ ਹੈ। ਇਸ ਦੇ ਚੱਲਦਿਆਂ ਸ਼ਿਵ ਸੈਨਾ ਦਾ ਵੱਡਾ ਬਿਆਨ ਆਇਆ ਹੈ। ਸ਼ਿਵ ਸੈਨਾ ਨੇਤਾ ਸੰਜੇ ਰਾਉਤ ਦਾ ਕਹਿਣਾ ਹੈ ਕਿ 2019 'ਚ ਬਹੁਮਤ ਨਾ ਮਿਲਦਾ ਵੇਖ ਬੀਜੇਪੀ ਤੇ ਆਰਐਸਐਸ ਪ੍ਰਣਬ ਮੁਖਰਜੀ ਨੂੰ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਚੋਣਾਂ 'ਚ ਉਤਾਰ ਸਕਦੀ ਹੈ।


ਸੰਜੇ ਰਾਉਤ ਨੇ ਕਿਹਾ ਕਿ ਆਰਐਸਐਸ ਨੇ ਪ੍ਰਣਬ ਮੁਖਰਜੀ ਨੂੰ ਮਾਰਗਦਰਸ਼ਕ ਤੇ ਬੁਲਾਰੇ ਵਜੋਂ ਆਪਣੇ ਸਮਾਗਮ 'ਚ ਬੁਲਾਇਆ। ਇਸ ਦੇ ਪਿੱਛੇ ਉਨ੍ਹਾਂ ਦੀ ਸਿਆਸੀ ਰਣਨੀਤੀ ਹੋ ਸਕਦੀ ਹੈ। ਸ਼ਿਵ ਸੈਨਾ ਦਾ ਕਹਿਣਾ ਹੈ 2019 ਦੀਆਂ ਚੋਣਾਂ ਲਈ ਆਰਐਸਐਸ ਨੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।


ਸ਼ਿਵ ਸੈਨਾ ਦਾ ਮੰਨਣਾ ਹੈ ਕਿ ਪ੍ਰਣਬ ਸੁਖਰਜੀ ਦਾ ਵਿਰੋਧ ਘੱਟ ਹੋਵੇਗਾ ਤੇ ਰਾਹੁਲ ਗਾਂਧੀ ਦੇ ਸਾਹਮਣੇ ਪ੍ਰਣਬ ਜ਼ਬਰਦਸਤ ਉਮੀਦਵਾਰ ਹੋਣਗੇ। ਇਸ ਦੇ ਮੱਦੇਨਜ਼ਰ ਬੀਜੇਪੀ ਸੱਤਾ 'ਚ ਆਉਣ ਲਈ ਇਹ ਮੌਕਾ ਸਾਂਭਣ ਦੀ ਤਾਕ 'ਚ ਹੈ।


ਦੱਸ ਦਈਏ ਕਿ ਸਾਬਕਾ ਰਾਸ਼ਟਰਪਤੀ ਤੇ ਕਾਂਗਰਸ ਨੇਤਾ ਰਹੇ ਪ੍ਰਣਬ ਮੁਖਰਜੀ ਹਾਲ ਹੀ 'ਚ ਆਰਐਸਐਸ ਦੇ ਸਮਾਗਮ 'ਚ ਸੰਘ ਦੇ ਹੈੱਡਕੁਆਰਟਰ ਨਾਗਪੁਰ ਗਏ ਸਨ। ਇਸ ਤੋਂ ਬਾਅਦ ਕਈ ਕਾਂਗਰਸੀ ਨੇਤਾਵਾਂ ਨੇ ਪ੍ਰਣਬ ਦੇ ਇਸ ਦੌਰੇ 'ਤੇ ਨਰਾਜ਼ਗੀ ਵੀ ਜਤਾਈ ਸੀ।