ਲਖਨਊ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਹਾਲੇ ਵੀ ਧਰਨੇ 'ਤੇ ਬੈਠੀ ਹੈ। ਚੁਨਾਰ ਗੈਸਟ ਹਾਊਸ ਵਿੱਚ ਪ੍ਰਿਅੰਕਾ ਜ਼ਮੀਨ 'ਤੇ ਬਹਿ ਕੇ ਆਪਣਾ ਰੋਸ ਪ੍ਰਗਟਾਅ ਰਹੀ ਹੈ। ਗਾਂਧੀ ਪਿਛਲੇ ਦਿਨੀਂ ਸੋਨਭੱਦਰ ਵਿੱਚ ਜ਼ਮੀਨੀ ਵਿਵਾਦ ਕਾਰਨ ਕਤਲ ਕੀਤੇ ਗਏ 10 ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨ 'ਤੇ ਅੜੀ ਹੋਈ ਹੈ। ਪੁਲਿਸ ਨੇ ਉਨ੍ਹਾਂ ਨੂੰ ਧਾਰਾ 144 ਦੀ ਉਲੰਘਣਾ ਦੇ ਦੋਸ਼ ਹੇਠ ਹਿਰਾਸਤ ਵਿੱਚ ਰੱਖਿਆ ਹੋਇਆ ਹੈ।


ਇਸੇ ਚੱਕਰ ਵਿੱਚ ਪ੍ਰਿਅੰਕਾ ਗਾਂਧੀ 'ਤੇ ਧਾਰਾ 107/16 (ਸ਼ਾਂਤੀ ਭੰਗ ਕਰਨ) ਤਹਿਤ ਕੇਸ ਵੀ ਦਰਜ ਹੋ ਗਿਆ ਹੈ। ਪ੍ਰਿਅੰਕਾ ਨੂੰ ਨਿੱਜੀ ਮੁਚਲਕੇ 'ਤੇ ਰਿਹਾਅ ਕਰਨ ਦੀ ਪੇਸ਼ਕਸ਼ ਵੀ ਕੀਤੀ ਗਈ ਸੀ, ਪਰ ਉਨ੍ਹਾਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪ੍ਰਿਅੰਕਾ ਨੂੰ ਦੁਪਹਿਰ ਸਮੇਂ ਜਦ ਅੱਗੇ ਵਧਣ ਤੋਂ ਰੋਕਿਆ ਗਿਆ ਸੀ ਤਾਂ ਉਨ੍ਹਾਂ ਉਦੋਂ ਵੀ ਜ਼ਮੀਨ 'ਤੇ ਬਹਿ ਕੇ ਧਰਨਾ ਸ਼ੁਰੂ ਕਰ ਦਿੱਤਾ ਸੀ।

ਪ੍ਰਿਅੰਕਾ ਦੇ ਇਸ ਐਕਸ਼ਨ ਨਾਲ ਯੂਪੀ ਕਾਂਗਰਸ ਤੇ ਪਾਰਟੀ ਹਾਈਕਮਾਨ ਵੀ ਹਮਲਾਵਰ ਹੋ ਗਈ ਹੈ। ਪਾਰਟੀ ਦੇ ਮੁੱਖ ਸਕੱਤਰ ਕੇ.ਸੀ. ਵੇਣੂੰਗੋਪਾਲ ਨੇ ਕਾਂਗਰਸੀ ਪ੍ਰਧਾਨਾਂ ਨੂੰ ਪੱਤਰ ਲਿਖ ਕਿਹਾ ਹੈ ਕਿ ਇਸ ਗ੍ਰਿਫ਼ਤਾਰੀ ਅਤੇ ਬੀਜੇਪੀ ਸਰਕਾਰ ਵਿੱਚ ਆਮ ਲੋਕਾਂ 'ਤੇ ਹੋਏ ਅੱਤਿਆਚਾਰ ਖ਼ਿਲਾਫ਼ ਪੂਰੇ ਦੇਸ਼ ਵਿੱਚ ਧਰਨੇ ਦਿੱਤੇ ਜਾਣ।


ਕਾਂਗਰਸ ਦੇ ਕੌਮੀ ਬੁਲਾਰੇ ਆਰਪੀਐਨ ਸਿੰਘ ਨੇ ਵੀ ਪ੍ਰਿਅੰਕਾ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਦਿਆਂ ਕਿਹਾ ਕਿ ਯੋਗੀ ਸਰਕਾਰ ਲੋਕਤੰਤਰ ਦਾ ਗਲ਼ ਘੁੱਟਣਾ ਚਾਹੁੰਦੀ ਹੈ। ਜੇਕਰ ਧਾਰਾ 144 ਲਾਗੂ ਸੀ ਤਾਂ ਪ੍ਰਿਅੰਕਾ ਚਾਰ ਜਣਿਆਂ ਨਾਲ ਜਾ ਕੇ ਵੀ ਪੀੜਤਾਂ ਨੂੰ ਮਿਲ ਸਕਦੀ ਸੀ, ਪਰ ਅਜਿਹਾ ਨਹੀਂ ਕਰ ਦਿੱਤਾ ਗਿਆ।