ਨਵੀਂ ਦਿੱਲੀ: ਕੌਮੀ ਅਪਰਾਧ ਬਿਊਰੋ (ਐਨ.ਸੀ.ਬੀ.) ਦੀ ਤਾਜ਼ਾ ਰਿਪੋਰਟ ਮੁਤਾਬਕ ਦੇਸ਼ ਵਿੱਚ ਅਫੀਮ, ਹੈਰੋਇਨ ਤੇ ਕੈਨਾਬੀਜ਼ ਜਿਹੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਪਿਛਲੇ ਪੰਜ ਸਾਲਾਂ ਵਿਚ 300 ਫੀਸਦੀ ਤੋਂ ਜ਼ਿਆਦਾ ਵਧੀ ਗਈ ਹੈ। ਪਿਛਲੇ ਪੰਜ ਸਾਲਾਂ ਵਿੱਚੋਂ 2017 'ਚ ਨਸ਼ੀਲੇ ਪਦਾਰਥਾਂ ਦੀ ਸਭ ਤੋਂ ਵੱਧ ਬਰਾਮਦਗੀ ਹੋਈ ਜੋ 3.6 ਲੱਖ ਕਿਲੋਗ੍ਰਾਮ ਹੈ।

ਐਨ.ਸੀ.ਬੀ. ਦੀ ਰਿਪੋਰਟ ਮੁਤਾਬਕ ਪਿਛਲੇ ਪੰਜ ਸਾਲਾਂ ਵਿੱਚ ਦੇਸ਼ ਦੀਆਂ ਵੱਖ-ਵੱਖ ਏਜੰਸੀਆਂ ਨੇ 2,551 ਕਿਲੋ ਅਫੀਮ (ਹੈਰੋਇਨ ਬਣਾਉਣ ਲਈ ਵਰਤੋਂ), 2,146 ਕਿਲੋ ਹੈਰੋਇਨ, 3,52,379 ਕਿਲੋਗ੍ਰਾਮ ਕੈਨਬੀਜ (ਭੰਗ ਦੀ ਬੂਟੀ), 3,218 ਕਿਲੋਗ੍ਰਾਮ ਹਸ਼ੀਸ਼ (ਕੈਨਾਬੀਜ਼ ਰਾਈਨ) ਤੇ 69 ਕਿਲੋਗ੍ਰਾਮ ਕੋਕੀਨ (ਇਸ ਨਸ਼ੀਲੇ ਪਦਾਰਥਾਂ ਦੀ ਭਾਰਤ ਵਿੱਚ ਮੁੱਖ ਤੌਰ 'ਤੇ ਤਸਕਰੀ ਪਾਰਟੀਆਂ 'ਚ ਹੁੰਦੀ ਹੈ) ਜ਼ਬਤ ਕੀਤੀ ਸੀ।

ਪਿਛਲੇ ਸਾਲ 3.60 ਲੱਖ ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥ ਬਰਾਮਦ ਹੋਏ, ਜਦਕਿ 2016 ਵਿੱਚ ਇਹ 3.01 ਲੱਖ ਕਿਲੋਗ੍ਰਾਮ ਸੀ, 2015 ਵਿੱਚ 1 ਲੱਖ ਕਿਲੋਗ੍ਰਾਮ, 2014 ਵਿੱਚ 1.1 ਲੱਖ ਕਿਲੋਗ੍ਰਾਮ ਤੇ 2013 ਵਿੱਚ ਇੱਕ ਲੱਖ ਕਿਲੋਗ੍ਰਾਮ ਸੀ। ਪਿਛਲੇ 5 ਸਾਲਾਂ ਵਿੱਚ ਇਨ੍ਹਾਂ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਦੀ ਗਿਣਤੀ ਸਭ ਤੋਂ ਵੱਧ ਹੈ।

ਸਭ ਰਾਜਾਂ ਤੇ ਏਜੰਸੀਆਂ ਦੇ ਅੰਕੜਿਆਂ ਨੂੰ ਇਕੱਠਾ ਕਰਨ ਤੋਂ ਬਾਅਦ ਤਾਜ਼ਾ ਰਿਪੋਰਟ ਪੇਸ਼ ਕੀਤੀ ਗਈ ਹੈ। ਇਸ ਦਾ ਖਿਲਾਸਾ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਕੀਤਾ। ਐਨਸੀਬੀ ਵੱਖ-ਵੱਖ ਸਰਕਾਰੀ ਏਜੰਸੀਆਂ, ਪੁਲਿਸ ਤੇ ਕੇਂਦਰੀ ਵਿਭਾਗਾਂ ਨੂੰ ਸ਼ਾਮਲ ਕਰਕੇ ਦੇਸ਼ ਵਿੱਚ ਨਸ਼ਾ ਕਾਨੂੰਨ ਲਾਗੂ ਕਰਨ ਦੀਆਂ ਗਤੀਵਿਧੀਆਂ ਦਾ ਤਾਲਮੇਲ ਕਰਨ ਵਾਲੀ ਕੌਮੀ ਏਜੰਸੀ ਹੈ। ਇਹ ਗ੍ਰਹਿ ਮੰਤਰਾਲੇ (ਐਮਐਚਏ) ਦੇ ਅਧੀਨ ਕੰਮ ਕਰਦੀ ਹੈ।

ਹਸ਼ੀਸ਼ ਤੇ ਕੋਕੀਨ ਨੂੰ ਛੱਡ ਕੇ, ਬਾਕੀ ਸਾਰੇ ਨਸ਼ੀਲੇ ਪਦਾਰਥਾਂ ਨੂੰ ਪਿਛਲੇ 5 ਸਾਲਾਂ ਦੌਰਾਨ, 2017 'ਚ ਸਭ ਤੋਂ ਵੱਧ ਬਰਾਮਦਗੀ ਕੀਤੀ ਗਈ। ਸੀਨੀਅਰ ਅਧਿਕਾਰੀ ਨੇ ਕਿਹਾ, "ਪਿਛਲੇ ਪੰਜ ਸਾਲਾਂ ਵਿੱਚ ਹੋਇਆਂ ਬਰਾਮਦਗੀਆਂ ਦਾ 2017 'ਚ ਹੋਈ ਰਿਕਵਰੀ ਨਾਲ ਕੋਈ ਮੇਲ ਨਹੀਂ।"

ਪਿਛਲੇ ਸਾਲ ਸੂਬਿਆਂ ਵਿੱਚ ਪੰਜਾਬ ਤੋਂ 505.86 ਕਿਲੋਗ੍ਰਾਮ ਅਫੀਮ ਜ਼ਬਤ ਕੀਤੀ ਗਈ। ਇਸ ਤੋਂ ਬਾਅਦ ਰਾਜਸਥਾਨ 426.95 ਕਿਲੋਗ੍ਰਾਮ ਸੀ, ਜਦੋਂਕਿ ਗੁਜਰਾਤ ਵਿੱਚ 1,017 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ। ਪੰਜਾਬ ਵਿੱਚ 406 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ। ਆਂਧਰਾ ਪ੍ਰਦੇਸ਼ ਵਿੱਚ 78,767 ਕਿਲੋਗ੍ਰਾਮ ਕੈਨਾਬਿਸ ਬਰਾਮਦ ਹੋਇਆ, ਜਦਕਿ 2017 ਵਿੱਚ ਓਡੀਸ਼ਾ 55,875 ਕਿਲੋਗ੍ਰਾਮ ਹੋਇਆ।

ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ ਹਸ਼ੀਸ਼ (ਜੋ ਚਰਸ ਵਜੋਂ ਵੀ ਜਾਣਿਆ ਜਾਂਦਾ ਹੈ) 702 ਕਿਲੋਗ੍ਰਾਮ ਫੜਿਆ ਗਿਆ, ਜਦੋਂਕਿ ਮੱਧ ਪ੍ਰਦੇਸ਼ 625 ਕਿਲੋਗ੍ਰਾਮ ਹੈ। ਦਿੱਲੀ ਵਿੱਚ 30 ਕਿਲੋ ਕੋਕੀਨ ਸਭ ਤੋਂ ਵੱਧ ਜ਼ਬਤ ਕੀਤੀ ਮਹਾਰਾਸ਼ਟਰ ਵਿੱਚ 21.83 ਕਿਲੋਗ੍ਰਾਮ ਜ਼ਬਤ ਹੋਈ। ਰਿਪੋਰਟ ਵਿੱਚ ਇਹ ਵੀ ਗੱਲ ਦੱਸੀ ਗਈ ਹੈ ਕਿ 2017 ਕਿਸ ਤਰੀਕੇ ਨਾਲ ਨਸ਼ੇ ਦੀ ਤਸਕਰੀ ਕੀਤੀ ਜਾਂਦੀ ਸੀ।

ਅਫੀਮ ਮਨੀਪੁਰ, ਝਾਰਖੰਡ, ਬਿਹਾਰ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਤੋਂ ਦੇਸ਼ ਦੇ ਹੋਰ ਹਿੱਸਿਆਂ ਵਿੱਚ ਫੈਲਾਈ ਜਾਂਦੀ ਹੈ, ਜਦੋਂਕਿ ਭਾਰਤ ਵਿੱਚ ਹੈਰੋਇਨ ਦੀ ਵੱਡੀ ਖੇਪ ਪੰਜਾਬ ਤੇ ਜੰਮੂ-ਕਸ਼ਮੀਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਰਾਹੀਂ ਦੇਸ਼ 'ਚ ਪਹੁੰਚਾਈ ਜਾਂਦੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਜੰਮੂ-ਕਸ਼ਮੀਰ ਤੋਂ ਮਹਾਰਾਸ਼ਟਰ, ਰਾਜਸਥਾਨ, ਗੋਆ ਤੇ ਗੁਜਰਾਤ ਵਿਚ ਚਾਰਸ ਦੀ ਦੁਰਵਰਤੋਂ ਕੀਤੀ ਜਾਂਦੀ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੋਕੀਨ ਜ਼ਿਆਦਾਤਰ ਹਵਾਈ ਅੱਡੇ ਬਰਾਮਦ ਹੋਈ ਹੈ। ਰਿਪੋਰਟ ਵਿੱਚ ਕਿਹਾ ਗਿਆ, "ਆਮ ਪਦਾਰਥਾਂ ਜਿਵੇਂ ਸ਼ਿੰਗਾਰ, ਬਰਤਨ, ਕਿਤਾਬਾਂ, ਭੋਜਨ ਵਸਤਾਂ ਤੇ ਕੱਪੜੇ ਵਿੱਚ ਲੁਕੇ ਹੋਏ ਨਸ਼ੇ ਦੇ ਪੈਕਟਾਂ ਦੀ ਤਸਕਰੀ ਕੀਤੀ ਜਾਂਦੀ ਹੈ।"