ਸ਼ਿਮਲਾ: ਹਿਮਾਚਲ ਪ੍ਰਦੇਸ਼ ਸਥਿਤ ਭਦਰੋਇਆ ਤੇ ਮਾਜਰਾ ਵਿੱਚ ਲਗਾਤਾਰ ਵਧ ਰਹੇ ਨਸ਼ੇ ਦੇ ਕਾਰੋਬਾਰ ਨੂੰ ਰੋਕਣ ਲਈ ਪੰਜਾਬ ਤੇ ਹਿਮਾਚਲ ਪੁਲਿਸ ਨੇ ਸਾਂਝਾ ਆਪ੍ਰੇਸ਼ਨ ਵਿੱਢਿਆ। ਦੋ ਘੰਟੇ ਚੱਲੀ ਇਸ ਛਾਪੇਮਾਰੀ ਵਿੱਚ ਦੋਵਾਂ ਸੂਬਿਆਂ ਦੀ ਪੁਲਿਸ ਬੇਰੰਗ ਪਰਤ ਆਈ।
ਪੁਲਿਸ ਕਾਰਵਾਈ ਦੀ ਸੂਚਨਾ ਪਹਿਲਾਂ ਹੀ ਕਥਿਤ ਤਸਕਰਾਂ ਨੂੰ ਮਿਲ ਗਈ ਜਾਪਦੀ ਸੀ। ਸਵੇਰੇ ਪੰਜ ਵਜੇ ਹੋਈ ਇਸ ਛਾਪੇਮਾਰੀ ਤੋਂ ਪਹਿਲਾਂ ਹੀ ਉਹ ਘਰਾਂ ਨੂੰ ਜਿੰਦਰੇ ਮਾਰ ਕੇ ਫਰਾਰ ਹੋ ਗਏ। ਸੂਬੇ ਦੇ ਦੋਵੇਂ ਪਿੰਡ ਚਿੱਟੇ ਦਾ ਗੜ੍ਹ ਬਣ ਚੁੱਕੇ ਹਨ। ਲੋਕ ਇੱਥੇ ਨਸ਼ਾ ਲੈਣ ਆਉਂਦੇ ਹਨ, ਜਿਸ ਕਾਰਨ ਕਈ ਨੌਜਵਾਨ ਆਪਣੀ ਜਾਨ ਵੀ ਗੁਆ ਚੁੱਕੇ ਹਨ।
ਚਿੱਟੇ ਦੇ ਕਾਰੋਬਾਰੀ ਤੇ ਅਤਿ ਲੋੜੀਂਦੇ ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਨੇ ਤਾੜਨਾ ਕੀਤੀ ਤੇ ਨਸ਼ੇ ਦੇ ਇਸ ਕਥਿਤ ਧੰਦੇ ਨੂੰ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ। ਡੀਐਸਪੀ ਸਿਟੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਪੁਲਿਸ ਚੋਣਾਂ 'ਚ ਰੁੱਝੀ ਹੋਈ ਸੀ, ਜਿਸ ਦਾ ਫਾਇਦਾ ਚੁੱਕ ਨਸ਼ੇ ਦੇ ਕਾਰੋਬਾਰੀ ਫਿਰ ਤੋਂ ਸਰਗਰਮ ਹੋਣ ਲੱਗੇ ਹਨ।