ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਏਜੀਐਚ ਦੇ ਮੁਖੀ ਜ਼ਾਕਿਰ ਰਸ਼ੀਦ ਭੱਟ ਉਰਫ਼ ਜ਼ਾਕਿਰ ਮੂਸਾ ਨੇ ਜਲੰਧਰ ਥਾਣੇ ਵਿੱਚ ਹੋਏ ਇਨ੍ਹਾਂ ਧਮਾਕਿਆਂ ਦੀ ਸਾਜ਼ਿਸ਼ ਰਚੀ ਸੀ। ਦੋਵੇਂ ਵਿਦਿਆਰਥੀਆਂ ਦੀ ਸ਼ਨਾਖ਼ਤ ਸ਼ਾਹਿਦ ਕਾਯੂਮ (22) ਤੇ ਫੈਜ਼ਲ ਬਸ਼ੀਰ (23) ਵਜੋਂ ਹੋਈ ਹੈ, ਜੋ ਜਲੰਧਰ ਦੇ ਸੇਂਟ ਸੋਲਜਰ ਕਾਲਜ ਆਫ਼ ਇੰਜੀਨੀਅਰਿੰਗ ਵਿੱਚ ਬੀ-ਟੈੱਕ ਦੇ ਵਿਦਿਆਰਥੀ ਸਨ।
ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਸੁਰੇਸ਼ ਅਰੋੜਾ ਮੁਤਾਬਕ ਸ਼ਾਹਿਦ, ਫ਼ੈਜ਼ਲ, ਮੀਰ ਰਾਵੂਫ਼ ਅਹਿਮਦ ਉਰਫ਼ ਰੋਊਫ਼ ਤੇ ਮੀਰ ਉਮਰ ਰਮਜ਼ਾਨ ਉਰਫ਼ ਗ਼ਾਜ਼ੀ ਨੇ ਥਾਣੇ ਵਿੱਚ ਹਥਗੋਲੇ (ਹੈਂਡ ਗ੍ਰੇਨੇਡ) ਦੀ ਵਰਤੋਂ ਕੀਤੀ ਸੀ। ਉਨ੍ਹਾਂ ਦੱਸਿਆ ਕਿ ਉਹ ਬੀਤੀ 13 ਸਤੰਬਰ ਨੂੰ ਸ੍ਰੀਨਗਰ ਤੋਂ ਚੰਡੀਗੜ੍ਹ ਸਿਰਫ਼ ਹਮਲੇ ਲਈ ਹੀ ਆਏ ਸਨ। ਪੁਲਿਸ ਦਾ ਦਾਅਵਾ ਹੈ ਕਿ ਸ਼ਾਹਿਦ ਤੇ ਫ਼ੈਜ਼ਲ ਦੇ ਏਜੀਐਚ ਦੇ ਲੀਡਰਾਂ ਤੇ ਮੈਂਬਰਾਂ ਨਾਲ ਸਬੰਧ ਸਨ ਤੇ ਉਹ ਲਗਾਤਾਰ ਵੱਖ-ਵੱਖ ਚੈਟ ਐਪਲੀਕੇਸ਼ਨਜ਼ ਰਾਹੀਂ ਸੰਪਰਕ ਵਿੱਚ ਵੀ ਰਹਿੰਦੇ ਸਨ। ਉਨ੍ਹਾਂ ਨੇ ਹੀ ਇਨ੍ਹਾਂ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਸੀ।
ਡੀਜੀਪੀ ਨੇ ਦੱਸਿਆ ਕਿ ਚੰਡੀਗੜ੍ਹ ਪਹੁੰਚਣ ਤੋਂ ਬਾਅਦ ਰੋਊਫ਼ ਤੇ ਗ਼ਾਜ਼ੀ ਬੱਸ ਰਾਹੀਂ ਜਲੰਧਰ ਗਏ ਅਤੇ ਸ਼ਾਹਿਦ ਤੇ ਫ਼ੈਜ਼ਲ ਨੂੰ ਮਕਸੂਦਾਂ ਥਾਣੇ ਨੇੜਲੇ ਚੌਕ ਵਿੱਚ ਮਿਲੇ। ਸ਼ਾਹਿਦ ਤੇ ਫ਼ੈਜ਼ਲ ਆਪਣੇ ਸਾਥੀਆਂ ਨੂੰ ਮਕਸੂਦਾਂ ਦੇ ਸੂਰਤ ਨਗਰ ਸਥਿਤ ਆਪਣੇ ਕਿਸੇ ਦੋਸਤ ਦੇ ਪੀਜੀ ਵਿੱਚ ਲੈ ਗਏ। ਚਾਰਾਂ ਜਣਿਆਂ ਨੇ 13 ਸਤੰਬਰ ਨੂੰ ਮਕਸੂਦਾਂ ਥਾਣੇ ਦੀ ਰੇਕੀ ਵੀ ਕੀਤੀ।
ਸੁਰੇਸ਼ ਅਰੋੜਾ ਮੁਤਾਬਕ ਪਹਿਲਾਂ ਇਨ੍ਹਾਂ ਦਾ ਬਿਧੀਪੁਰ ਰੇਲਵੇ ਮਾਰਗ ਨੇੜੇ ਸਥਿਤ ਸੀਆਰਪੀਐਫ ਤੇ ਆਈਟੀਬੀਪੀ ਫ਼ੌਜੀ ਕੈਂਪਾਂ ਵਿੱਚ ਹੱਥਗੋਲ਼ੇ ਸੁੱਟਣ ਦਾ ਵਿਚਾਰ ਸੀ ਪਰ ਇਸ ਨੂੰ ਅਮਲੀ ਜਾਮਾ ਨਹੀਂ ਪਹਿਨਾ ਸਕੇ। ਸ਼ਾਹਿਦ ਨੇ ਇਸ ਕੰਮ ਲਈ ਆਪਣੇ ਕਿਸੇ ਦੋਸਤ ਦਾ ਹਿਮਾਚਲ ਪ੍ਰਦੇਸ਼ ਦਾ ਰਜਿਸਟਰਡ ਪਲਸਰ ਮੋਟਰਸਾਈਕਲ ਮੰਗਿਆ ਸੀ। ਬੀਤੀ 14 ਸਤੰਬਰ ਦੀ ਸ਼ਾਮ ਨੂੰ ਸਾਢੇ ਕੁ ਪੰਜ ਵਜੇ ਚਾਰੇ ਜਣੇ ਹੱਥਗੋਲ਼ੇ ਚੁੱਕ ਕੇ ਪੁਲਿਸ ਸਟੇਸ਼ਨ ਵੱਲ ਰਵਾਨਾ ਹੋਏ ਅਤੇ ਮੌਕਾ ਪਾ ਕੇ ਸ਼ਾਮ 7:40 ਵਜੇ ਚਾਰੇ ਗ੍ਰੇਨੇਡ ਪੁਲਿਸ ਸਟੇਸ਼ਨ ਵਿੱਚ ਸੁੱਟ ਕੇ ਬੱਸ ਸਟੈਂਡ ਵੱਲ ਫਰਾਰ ਹੋ ਗਏ।
ਧਮਾਕੇ ਤੋਂ ਬਾਅਦ ਰੋਊਫ਼, ਗ਼ਾਜ਼ੀ ਤੇ ਫ਼ੈਜ਼ਲ ਬੱਸ ਸਟੈਂਡ ਪਹੁੰਚ ਗਏ ਅਤੇ ਫ਼ੈਜ਼ਲ ਨੇ ਉਨ੍ਹਾਂ ਨੂੰ ਜੰਮੂ ਕਸ਼ਮੀਰ ਲਈ ਬੱਸ ਦਿਵਾ ਦਿੱਤੀ। ਇਸ ਤੋਂ ਬਾਅਦ ਬੀਤੀ ਤਿੰਨ ਨਵੰਬਰ ਨੂੰ ਕਸ਼ਮੀਰ ਦੇ ਅਵੰਤੀਪੋਰਾ ਵਿੱਚੋਂ ਫ਼ੈਜ਼ਲ ਬਸ਼ੀਰ ਅਤੇ ਅਗਲੇ ਦਿਨ ਜਲੰਧਰ ਵਿੱਚੋਂ ਸ਼ਾਹਿਦ ਕਯੂਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਵਾਂ ਵਿਦਿਆਰਥੀਆਂ ਦੇ ਸਾਥੀ ਹਾਲੇ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਹਨ।
ਹਾਲਾਂਕਿ, ਪੁਲਿਸ ਵੱਲੋਂ ਜਲੰਧਰ ਦੇ ਸੀਟੀ ਇੰਜਨੀਅਰਿੰਗ ਕਾਲਜ ਵਿੱਚੋਂ ਵੀ ਤਿੰਨ ਕਸ਼ਮੀਰੀ ਵਿਦਿਆਰਥੀਆਂ ਨੂੰ ਹਥਿਆਰਾਂ ਸਮੇਤ ਬੀਤੀ 10 ਅਕਤੂਬਰ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਮਾਮਲਾ ਵੱਖਰਾ ਚੱਲਦਾ ਆ ਰਿਹਾ ਹੈ। ਪੁਲਿਸ ਨੇ ਉਦੋਂ ਪੰਜਾਬ ਵਿੱਚ ਸਲੀਪਰ ਸੈੱਲ (ਆਤਮਘਾਤੀ ਮਨੁੱਖੀ ਬੰਬ) ਬਣਾਏ ਜਾਣ ਦਾ ਖ਼ਦਸ਼ਾ ਜਤਾਇਆ ਸੀ। ਪੁਲਿਸ ਤੇ ਸੁਰੱਖਿਆ ਬਲਾਂ ਨੂੰ ਸਿੱਧੇ ਤੌਰ 'ਤੇ ਨਿਸ਼ਾਨਾ ਬਣਾਏ ਜਾਣ ਅਤੇ ਵਿਦਿਆਰਥੀਆਂ ਦਾ ਮਾਰੂ ਹਥਿਆਰਾਂ ਤੇ ਦਹਿਸ਼ਤੀ ਸੋਚ ਦੀ ਲਪੇਟ ਵਿੱਚ ਆਉਣ ਤੋਂ ਪੰਜਾਬ ਦੀ ਅਮਨ-ਸ਼ਾਂਤੀ ਨੂੰ ਵੱਡਾ ਖ਼ਤਰਾ ਪੈਦਾ ਹੋ ਸਕਦਾ ਹੈ।