ਸ੍ਰੀਨਗਰ: ਜੰਮੂ-ਕਸ਼ਮੀਰ 'ਚ ਪੜ੍ਹੇ-ਲਿਖੇ ਨੌਜਵਾਨਾਂ ਦੇ ਅੱਤਵਾਦ ਪ੍ਰਤੀ ਝੁਕਾਅ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦੱਖਣੀ ਕਸ਼ਮੀਰ ਦੇ ਪੁਲਵਾਮਾ 'ਚ ਬੀਟੈਕ ਦਾ ਵਿਦਿਆਰਥੀ ਖੁਰਸ਼ੀਦ ਅਹਿਮਦ ਮਲਿਕ ਕਥਿਤ ਤੌਰ 'ਤੇ ਅੱਤਵਾਦੀ ਸੰਗਠਨ 'ਚ ਸ਼ਾਮਲ ਹੋ ਗਿਆ। ਖੁਰਸ਼ੀਦ ਦੇ ਪਰਿਵਾਰ ਵਾਲਿਆਂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਉਸ ਨੂੰ ਵਾਪਸ ਪਰਤਣ ਦੀ ਅਪੀਲ ਕੀਤੀ ਹੈ।


ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਰਬਲ ਪਿੰਡ ਦਾ ਰਹਿਣ ਵਾਲਾ ਖੁਰਸ਼ੀਦ ਅੱਤਵਾਦੀ ਸੰਗਠਨ 'ਚ ਸ਼ਾਮਲ ਹੋ ਗਿਆ ਹੈ ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ। ਖੁਰਸ਼ੀਦ ਪਿਛਲੇ ਕਈ ਦਿਨਾਂ ਤੋਂ ਲਾਪਤਾ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।


ਇਸ ਤੋਂ ਪਹਿਲਾਂ ਪਿਛਲੇ ਮਹੀਨੇ ਵੀ ਪੁਲਵਾਮਾ 'ਚ ਇੱਕ ਨੌਜਵਾਨ ਇਸ਼ਫਾਕ ਅਹਿਮਦ ਵਾਨੀ ਕਥਿਤ ਤੌਰ 'ਤੇ ਅੱਤਵਾਦੀ ਸੰਗਠਨ 'ਚ ਸ਼ਾਮਲ ਹੋ ਗਿਆ ਸੀ। ਇਸ਼ਫਾਕ ਐਮਬੀਏ ਦਾ ਵਿਦਿਆਰਥੀ ਰਹਿ ਚੁੱਕਾ ਹੈ। ਇਸ ਤੋਂ ਇਲਾਵਾ ਇਕ ਆਈਪੀਐਸ ਅਧਿਕਾਰੀ ਦਾ ਭਰਾ ਅੱਤਵਾਦੀ ਸੰਗਠਨ ਹਿਜ਼ਬੁਲ ਮੁਜ਼ਾਹਦੀਨ 'ਚ ਸ਼ਾਮਲ ਹੋ ਗਿਆ ਸੀ।


ਇਸ ਸਾਲ ਜਨਵਰੀ 'ਚ 26 ਸਾਲਾ ਮਨਨ ਬਸ਼ੀਰ ਵੀ ਹਿਜ਼ਬੁਲ ਮੁਜ਼ਾਹਦੀਨ 'ਚ ਸ਼ਾਮਲ ਹੋ ਗਿਆ ਸੀ। ਵਾਨੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਪੀਐਚਡੀ ਕਰ ਰਿਹਾ ਸੀ।