ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਤੇ ਸਾਂਸਦ ਰਾਹੁਲ ਗਾਂਧੀ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਪੂਰਬੀ ਲੱਦਾਖ ਦੀ ਸਥਿਤੀ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਬਿਆਨ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ। ਇਸ ਦੌਰਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਡਰਪੋਕ ਤਕ ਕਹਿ ਦਿੱਤਾ। ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਸੇਨਾ ਨੂੰ ਧੋਖਾ ਦੇ ਰਹੀ ਹੈ। ਉਨ੍ਹਾਂ ਇਹ ਵੀ ਸਵਾਲ ਕੀਤਾ ਹੈ ਕਿ ਆਖਰ ਚੀਨ ਨੂੰ ਭਾਰਤੀ ਜ਼ਮੀਨ ਕਿਉਂ ਦਿੱਤੀ ਗਈ।

ਰਾਹੁਲ ਨੇ ਕਿਹਾ, "ਕੱਲ੍ਹ, ਰੱਖਿਆ ਮੰਤਰੀ ਨੇ ਪੂਰਬੀ ਲੱਦਾਖ ਦੀ ਸਥਿਤੀ ਬਾਰੇ ਬਿਆਨ ਦਿੱਤਾ। ਮੋਦੀ ਨੇ ਚੀਨ ਨੂੰ ਭਾਰਤੀ ਖੇਤਰ ਕਿਉਂ ਦਿੱਤਾ? ਉਸ ਨੂੰ ਤੇ ਰੱਖਿਆ ਮੰਤਰੀ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ। ਫੌਜ ਨੂੰ ਕੈਲਾਸ਼ ਰੇਂਜ ਤੋਂ ਪਿੱਛੇ ਹਟਣ ਲਈ ਕਿਉਂ ਕਿਹਾ ਗਿਆ? ਚੀਨ ਡੇਪਸਾਂਗ ਮੈਦਾਨਾਂ ਤੋਂ ਵਾਪਸ ਕਿਉਂ ਨਹੀਂ ਗਿਆ? ਸਾਡੀ ਧਰਤੀ ਫਿੰਗਰ-4 ਤੱਕ ਹੈ। ਮੋਦੀ ਨੇ ਫਿੰਗਰ -3 ਤੋਂ ਫਿੰਗਰ -4 ਤੱਕ ਦੀ ਜ਼ਮੀਨ ਚੀਨ ਨੂੰ ਫੜ੍ਹਾ ਦਿੱਤੀ ਹੈ। "

ਕਾਂਗਰਸੀ ਨੇਤਾ ਨੇ ਕਿਹਾ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਨੂੰ ਭਾਰਤ ਦੀ ਧਰਤੀ ਦੇ ਦਿੱਤੀ ਹੈ ਇਹ ਸੱਚਾਈ ਹੈ। ਮੋਦੀ ਜੀ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ, ਮੋਦੀ ਜੀ ਨੇ ਚੀਨ ਦੇ ਅੱਗੇ ਆਪਣਾ ਸਿਰ ਝੁਕਾਇਆ ਹੈ। ਰੱਖਿਆ ਮੰਤਰੀ ਨੇ ਰਣਨੀਤਕ ਖੇਤਰ ਬਾਰੇ ਇੱਕ ਸ਼ਬਦ ਨਹੀਂ ਬੋਲਿਆ ਜਿਥੇ ਚੀਨ ਬੈਠਾ ਹੈ। "