ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਦਿੱਲੀ ਦੇ ਜੰਤਰ-ਮੰਤਰ ’ਤੇ ਦਲਿਤ ਸੰਗਠਨਾਂ ਦੇ ਪ੍ਰਦਰਸ਼ਨ ਵਿੱਚ ਪੁੱਜੇ। ਇਸ ਮੌਕੇ ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ, ਬੀਜੇਪੀ ਤੇ ਆਰਐਸਐਸ ਚਾਹੁੰਦੇ ਹਨ ਕਿ ਚਾਹੇ ਸਿੱਖਿਆ ਹੋਵੇ, ਚਾਹੇ ਪ੍ਰਗਤੀ, ਕਿਸੇ ਖੇਤਰ ਵਿੱਚ ਦਲਿਤਾਂ ਦੀ ਥਾਂ ਨਹੀਂ ਹੋਣੀ ਚਾਹੀਦੀ। ਰਾਹੁਲ ਨੇ ਕਿਹਾ ਕਿ ਜਿਨ੍ਹਾਂ-ਜਿਨ੍ਹਾਂ ਸੂਬਿਆਂ ਵਿੱਚ ਬੀਜੇਪੀ ਦੀ ਸਰਕਾਰ ਹੈ, ਉੱਥੇ ਦਲਿਤਾਂ ਨੂੰ ਦਬਾਇਆ ਤੇ ਕੁਚਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਦਲਿਤ ਵਿਰੋਧੀ ਹੈ ਤੇ 2019 ਵਿੱਚ ਸਭ ਮਿਲ ਕੇ ਮੋਦੀ ਨੂੰ ਹਰਾਉਣਗੇ।

SC-ST ਅੱਤਿਆਚਾਰ ਵਿਰੋਧੀ ਕਾਨੂੰਨ ਨੂੰ ਸੰਵਿਧਾਨ ਦੀ 9ਵੀਂ ਸੂਚੀ ’ਚ ਸ਼ਾਮਲ ਕੀਤੇ ਜਾਣ ਸਬੰਧੀ ਪ੍ਰਦਰਸ਼ਨ ਕਰ ਰਹੇ ਦਲਿਤਾਂ ਨੇ ਬੰਦ ਦਾ ਸੱਦਾ ਦਿੱਤਾ ਸੀ, ਜਿਸ ਵਿੱਚ ਰਾਹੁਲ ਗਾਂਧੀ ਤੋਂ ਇਲਾਵਾ ਲੈਫਟ ਲੀਡਰ ਸੀਤਾਰਾਮ ਯੇਚੁਰੀ ਤੇ ਸੁਧਾਕਰ ਰੈੱਡੀ ਸਣੇ ਹੋਰ ਕਈ ਨੇਤਾ ਪੁੱਜੇ ਸਨ।

ਪੀਐਮ ਮੋਦੀ ’ਤੇ ਨਿਸ਼ਾਨਾ ਸਾਧਦਿਆਂ ਰਾਹੁਲ ਨੇ ਕਿਹਾ ਸੀ ਕਿ ਜਦੋਂ ਮੋਦੀ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਕਿਤਾਬ ਵਿੱਚ ਲਿਖਿਆ ਸੀ ਕਿ ਦਲਿਤਾਂ ਨੂੰ ਸਫਾਈ ਕਰਨ ਵਿੱਚ ਆਨੰਦ ਮਿਲਦਾ ਹੈ। ਉਨ੍ਹਾਂ ਦੀ ਸੋਚ ਹੈ ਕਿ ਦੇਸ਼ ਦੇ ਭਵਿੱਖ ਵਿੱਚ ਦਲਿਤਾਂ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ।

ਰਾਹੁਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਐਟਰੋਸਿਟੀ ਐਕਟ ਲੈ ਕੇ ਆਏ, ਜਿਸ ਨੂੰ ਮੋਦੀ ਨੇ ਰੱਦ ਹੋਣ ਦਿੱਤਾ ਤੇ ਖਤਮ ਕਰ ਦਿੱਤਾ। ਜਿਸ ਜੱਜ ਨੇ ਇਸ ਕਾਨੂੰਨ ਨੂੰ ਰੱਦ ਕੀਤਾ, ਮੋਦੀ ਸਰਕਾਰ ਨੇ ਉਸ ਜੱਜ ਨੂੰ ਇਨਾਮ ਤੇ ਤਰੱਕੀ ਦਿੱਤੀ। ਉਨ੍ਹਾਂ ਕਿਹਾ ਕਿ ਐਟਰੋਸਿਟੀ ਐਕਟ ਕਾਂਗਰਸ ਪਾਰਟੀ ਲਿਆਈ ਸੀ ਤੇ ਉਹ ਇਸ ਕਾਨੂੰਨ ਦੀ ਰੱਖਿਆ ਕਰਨਗੇ।

ਪੀਐਮ ਮੋਦੀ ਬਾਰੇ ਤਿੱਖੇ ਸ਼ਬਦ ਬੋਲਦਿਆਂ ਰਾਹੁਲ ਨੇ ਕਿਹਾ ਕਿ ਜਿੱਥੇ ਵੀ ਬੀਜੇਪੀ ਦੀ ਸਰਕਾਰ ਹੈ, ਉੱਥੇ ਦਲਿਤਾਂ ਨੂੰ ਮਾਰਿਆ ਜਾਂਦਾ ਹੈ ਤੇ ਉਹ ਅਜਿਹੀ ਸਰਕਾਰ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਮੋਦੀ ਦੀ ਸੋਚ ਦਲਿਤ ਵਿਰੋਧੀ ਹੈ। ਉਨ੍ਹਾਂ ਦੇ ਦਿਲ, ਦਿਮਾਗ ਤੇ ਮਨ ਵਿੱਚ ਦਲਿਤਾਂ ਲਈ ਕੋਈ ਥਾਂ ਨਹੀਂ ਹੈ। ਉਹ ਦਲਿਤਾਂ ਨੂੰ ਦਬਾਉਣਾ ਤੇ ਕੁਚਲਣਾ ਚਾਹੁੰਦੇ ਹਨ।