ਨਵੀਂ ਦਿੱਲੀ: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਨੇ ਸ਼ਨੀਵਾਰ ਨੂੰ ਦਿੱਲੀ ਯੂਨੀਵਿਰਸਿਟੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਆਪਣੇ ਪਿਤਾ ਤੇ ਦਾਦੀ ਦੇ ਕਤਲ ਨੂੰ ਯਾਦ ਕੀਤਾ। ਰਾਹੁਲ ਗਾਂਧੀ ਨੇ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਾਂ ਨਾਲ ਗੱਲਬਾਤ ਸਮੇਂ ਉਹ ਜਾਣਦੇ ਸਨ ਕਿ ਉਹ ਉਸ ਸਮੇਂ ਕੀ ਮਹਿਸੂਸ ਕਰ ਰਹੇ ਹੋਣਗੇ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਦੇ ਵੀ ਟੋਟੇ-ਟੋਟੇ ਕਰ ਦਿੱਤੇ ਸੀ ਤੇ ਮੇਰੀ ਦਾਦੀ ਨੂੰ 32 ਗੋਲ਼ੀਆਂ ਮਾਰੀਆਂ ਗਈਆਂ ਸਨ। ਗਾਂਧੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਹਿੰਸਾ ਨੂੰ ਮਹਿਸੂਸ ਕੀਤਾ ਹੈ, ਉਹ ਹਿੰਸਾ ਨੂੰ ਕਦੇ ਵੀ ਸਮੱਸਿਆ ਦੇ ਹੱਲ ਵਜੋਂ ਵਰਤਣ ਲਈ ਨਹੀਂ ਸੋਚ ਸਕਦੇ।


ਆਪਣੀ ਦਾਦੀ ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਜ਼ਿਕਰ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਜਦ ਮੇਰੀ ਦਾਦੀ ਦੀ ਮੌਤ ਹੋਈ ਤਾਂ ਮੇਰੇ ਪਿਤਾ ਬੰਗਾਲ ਵਿੱਚ ਸਨ। ਮੇਰੀ ਦਾਦੀ ਮੇਰੇ ਲਈ ਮਾਂ ਤੋਂ ਵੀ ਵੱਧ ਅਹਿਮ ਸੀ। ਦਾਦੀ ਦਾ ਕਤਲ ਉਨ੍ਹਾਂ ਦੀ ਰੱਖਿਆ ਕਰਨ ਵਾਲਿਆਂ ਨੇ ਕੀਤਾ ਸੀ ਅਤੇ ਮੈਨੂੰ ਸਤਵੰਤ ਸਿੰਘ ਨੇ ਹੀ ਬੈਡਮਿੰਟਨ ਖੇਡਣਾ ਸਿਖਾਇਆ ਸੀ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕਰਦਿਆਂ ਰਾਹੁਲ ਨੇ ਕਿਹਾ ਕਿ ਹਿੰਦੁਸਤਾਨ ਵਿੱਚ ਪ੍ਰਧਾਨ ਮੰਤਰੀ ਜੋ ਕਹਿੰਦੇ ਹਨ, ਉਸ ਦਾ ਅਸਰ ਪੂਰੇ ਸਿਸਟਮ 'ਤੇ ਪੈਂਦਾ ਹੈ। ਜੇਕਰ ਪ੍ਰਧਾਨ ਮੰਤਰੀ ਨਫਰਤ ਵਾਲੇ ਮਾਹੌਲ ਦੀ ਨਿੰਦਾ ਕਰਨ ਤੇ ਭਾਈਚਾਰੇ, ਪਿਆਰ ਦਾ ਸੁਨੇਹਾ ਦੇਣ ਤਾਂ ਨਫ਼ਰਤ ਦਾ ਮਾਹੌਲ ਆਪਣੇ ਆਪ ਠੰਢਾ ਹੋ ਜਾਵੇਗਾ। ਰਾਹੁਲ ਨੇ ਇੱਥੇ ਇਹ ਵੀ ਕਿਹਾ ਕਿ ਉਨ੍ਹਾਂ ਨੌਜਵਾਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਖ਼ੁਦ ਨੂੰ ਬੇਰੁਜ਼ਗਾਰ ਦੱਸਿਆ। ਜੇਕਰ ਰੁਜ਼ਗਾਰ ਦੇ ਮੌਕੇ ਦਿੱਤੇ ਜਾਣ ਤਾਂ ਦੇਸ਼ ਵਿੱਚ ਮਾਹੌਲ ਸ਼ਾਂਤ ਰਹੇਗਾ।