ਨਵੀਂ ਦਿੱਲੀ: ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ‘ਚ ਮੁੱਖ ਮੰਤਰੀ ਦੇ ਨਾਂਵਾਂ 'ਤੇ ਕਾਂਗਰਸ ਅੰਦਰ ਰੌਲਾ ਜਾਰੀ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਹੀ ਆਖਰੀ ਫੈਸਲਾ ਲੈਣਗੇ। ਉਂਝ ਸੂਤਰਾਂ ਮੁਤਾਬਕ ਮੱਧ ਪ੍ਰਦੇਸ਼ ਦੀ ਕਮਾਨ ਕਮਲਨਾਥ ਦੇ ਹੱਥ ਹੋਏਗੀ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਹੋਣਗੇ ਜਦੋਂਕਿ ਛੱਤੀਸਗੜ੍ਹ ਦੇ ਮੁੱਖ ਮੰਤਰੀ ਟੀਐਸ ਸਿੰਘਦੇਵ ਹੋਣਗੇ। ਤਿੰਨਾਂ ਰਾਜਾਂ ਦੇ ਵਿਧਾਇਕਾਂ ਨੇ ਫੈਸਲਾ ਰਾਹੁਲ 'ਤੇ ਛੱਡ ਦਿੱਤਾ ਹੈ।
ਬੁੱਧਵਾਰ ਨੂੰ ਤਿੰਨਾਂ ਸੂਬਿਆਂ ‘ਚ ਕਾਂਗਰਸ ਵਿਧਾਇਕਾਂ ਦੀ ਬੈਠਕ ਹੋਈ, ਪਰ ਕਿਸੇ ਮੁੱਖ ਮੰਤਰੀ ਦੇ ਨਾਂ ‘ਤੇ ਸਹਿਮਤੀ ਨਹੀਂ ਹੋ ਸਕੀ। ਇਸ ਮਗਰੋਂ ਫੈਸਲਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਛੱਡ ਦਿੱਤਾ ਗਿਆ। ਅੱਜ ਦਿੱਲੀ ਵਿੱਚ ਰਾਹੁਲ ਨੂੰ ਮਿਲਣ ਲਈ ਅਸ਼ੋਕ ਗਹਿਲੋਤ ਤੇ ਸਚਿਨ ਪਾਇਲਟ ਦਿੱਲੀ ਪਹੁੰਚੇ। ਇਸ ਦੌਰਾਨ ਏਕੇ ਐਂਟਨੀ (ਐਮਪੀ ਸੁਪਰਵਾਈਜ਼ਰ) ਤੇ ਮੱਲੀਕਾਰਜੁਨ (ਛੱਤੀਸਗੜ੍ਹ ਸੁਪਰਵਾਈਜ਼ਰ) ਵੀ ਦਿੱਲੀ ਪਹੁੰਚੇ ਤੇ ਰਾਹੁਲ ਗਾਂਧੀ ਨੂੰ ਰਿਪੋਰਟ ਸੌਂਪੀ।
ਕਿਹੜੇ ਸੂਬੇ ‘ਚ ਕੌਣ ਸੀ ਦਾਅਵੇਦਾਰ:
ਮੱਧ ਪ੍ਰਦੇਸ਼: ਐਂਟਨੀ ਨੇ ਬੁੱਧਵਾਰ ਨੂੰ ਵਿਧਾਇਕ ਦਲ ਦੀ ਬੈਠਕ ‘ਚ ਕਮਲਨਾਥ, ਜਿਯੋਤੀਰਾਦਿਤੀਆ ਸਿੰਧਿਆ ਤੇ ਦਿਗਵਿਜੈ ਖੇਮੇ ਦੇ ਵਿਧਾਇਕਾਂ ਨਾਲ ਵੱਖ-ਵੱਖ ਚਰਚਾ ਕੀਤੀ। ਇਸ ਤੋਂ ਬਾਅਦ ਮੁੱਖ ਮੰਤਰੀ ਦਾ ਨਾਂ ਤੈਅ ਨਹੀਂ ਹੋ ਸਕਿਆ। ਮੱਧ ਪ੍ਰਦੇਸ਼ ‘ਚ ਮੁੱਖ ਮੰਤਰੀ ਅਹੁਦੇ ਲਈ ਕਮਲਨਾਥ ਤੇ ਜਿਯੋਤੀਰਾਦਿਤੀਆ ਸਿੰਧੀਆ ਦਾਅਵੇਦਾਰ ਹਨ।
ਰਾਜਸਥਾਨ: ਬੁੱਧਵਾਰ ਨੂੰ ਰਾਜਸਥਾਨ ‘ਚ ਵੀ ਵਿਧਾਇਕ ਦਲ ਦੀ ਬੈਠਕ ਹੋਈ। ਕਰੀਬ 8 ਘੰਟੇ ਦੀ ਮਿਹਨਤ ਮਗਰੋਂ ਵੀ ਕੋਈ ਨਤੀਜਾ ਨਹੀਂ ਨਿਕਲਿਆ। ਰਾਜਸਥਾਨ ਸੂਬੇ ‘ਚ ਅਸ਼ੋਕ ਗਹਿਲੋਤ ਤੇ ਸਚਿਨ ਪਾਇਲਟ ਮੁੱਖ ਮੰਤਰੀ ਦੇ ਮੁੱਖ ਦਾਅਵੇਦਾਰ ਸਨ ਪਰ ਅਸ਼ੋਕ ਗਹਿਲੋਤ ਨੇ ਬਾਜ਼ੀ ਮਾਰਦੇ ਦਿੱਸ ਰਹੇ ਹਨ।
ਛੱਤੀਸਗੜ੍ਹ: ਗੱਲ ਜੇਕਰ ਛੱਤੀਸਗੜ੍ਹ ਦੀ ਕੀਤੀ ਜਾਵੇ ਤਾਂ ਇੱਥੇ ਦੇ ਵਿਧਾਇਕ ਮੀਟਿੰਗ ‘ਚ ਡਾਕਟਰ ਚਰਨਦਾਸ ਮਹੰਤ ਨੇ ਇਸ ਦਾ ਫੈਸਲਾ ਰਾਹੁਲ ਗਾਂਧੀ ਵੱਲੋਂ ਲਏ ਜਾਣ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਸਭ ਨੇ ਮੰਨ ਲਿਆ। ਹੁਣ ਸੂਬੇ ‘ਚ ਸੀਐਮ ਅਹੁਦੇ ਲਈ ਭੁਪੇਸ਼ ਬਘੇਲ ਤੇ ਟੀਐਸ ਸਿੰਘਦੇਵ ਦੇ ਨਾਂ ਹਨ।