ਨਵੀਂ ਦਿੱਲੀ: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਰਾਫ਼ੇਲ ਸੌਦੇ 'ਤੇ ਇੱਕ ਵਾਰ ਫਿਰ ਮੋਦੀ ਸਰਕਾਰ ਨੂੰ ਘੇਰਿਆ ਹੈ। ਰਾਹੁਲ ਨੇ ਦੋਸ਼ ਲਾਇਆ ਕਿ ਰਾਫ਼ੇਲ ਓਪਨ ਐਂਡ ਸ਼ੱਟ ਕੇਸ ਹੈ, ਜਿਸ ਵਿੱਚ ਦੋ ਲੋਕਾਂ ਨਰੇਂਦਰ ਮੋਦੀ ਤੇ ਅਨਿਲ ਅੰਬਾਨੀ ਦੀ ਭਾਈਵਾਲੀ ਹੈ। ਰਾਹੁਲ ਨੇ ਇਸ ਦੌਰਾਨ ਲਾਸ ਮੇਕਿੰਗ ਕੰਪਨੀ ਵਿੱਚ 284 ਕਰੋੜ ਟ੍ਰਾਂਸਫਰ ਕੀਤੇ ਜਾਣ ਦਾ ਦੋਸ਼ ਵੀ ਲਾਇਆ।
ਕਾਂਗਰਸ ਪ੍ਰਧਾਨ ਨੇ ਸਵਾਲ ਚੁੱਕਿਆ, "ਲਾਸ ਮੇਕਿੰਗ ਕੰਪਨੀ' ਜੋ ਸਿਰਫ਼ 8 ਲੱਖ ਦੀ ਹੈ, ਵਿੱਚ 284 ਕਰੋੜ ਰੁਪਏ ਕਿਸਨੇ ਪਾਏ? ਕੀ ਕਾਰਨ ਸੀ? ਇਹ ਨਿਵੇਸ਼ ਕਿਉਂ ਕੀਤਾ ਗਿਆ? ਇਹੋ ਪੈਸਾ ਅੰਬਾਨੀ ਨੇ ਜ਼ਮੀਨ ਖਰੀਦਣ ਲਈ ਵਰਤਿਆ? ਫਿਰ ਦਾਸੋ ਦੇ ਸੀਈਓ ਨੇ ਇਹ ਕਿਉਂ ਕਿਹਾ ਕਿ ਰਿਲਾਇੰਸ ਕੋਲ ਜ਼ਮੀਨ ਹੈ? ਸੀਬੀਆਈ ਮੁਖੀ ਨੂੰ ਹਟਾਇਆ ਗਿਆ ਕਿਉਂਕਿ ਉਹ ਰਾਫ਼ੇਲ ਮਾਮਲੇ ਨੂੰ ਦੇਖ ਰਹੇ ਸਨ।"
ਰਾਹੁਲ ਨੇ ਕਿਹਾ ਕਿ ਸਰਕਾਰ ਕਹਿੰਦੀ ਹੈ ਕਿ ਕੀਮਤਾਂ ਗੁਪਤ ਰੱਖੀਆਂ ਗਈਆਂ ਹਨ ਪਰ ਦਾਸੋ ਦੀ ਸਾਲਾਨਾ ਰਿਪੋਰਟ ਵਿੱਚ ਕੀਮਤਾਂ ਦਿੱਤੀਆਂ ਗਈਆਂ ਹਨ। ਉਸ ਵਿੱਚ ਦਰਸਾਇਆ ਗਿਆ ਹੈ ਕਿ ਭਾਰਤ ਸਰਕਾਰ ਨੇ ਸੌਦੇ ਲਈ ਕਿੰਨੇ ਪੈਸੇ ਦਿੱਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਦ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨਾਲ ਉਹ ਮਿਲੇ ਸਨ ਤਾਂ ਉਨ੍ਹਾਂ ਦੱਸਿਆ ਸੀ ਕਿ ਸੀਕ੍ਰੇਟ ਪੈਕਟ ਵਿੱਚ ਪ੍ਰਾਈਸ ਨੂੰ ਰੱਖਿਆ ਹੀ ਨਹੀਂ ਗਿਆ ਹੈ। ਯਾਨੀ ਕਿ ਕੀਮਤ ਲੁਕਾਉਣਾ ਸਮਝੌਤੇ ਦਾ ਹਿੱਸਾ ਨਹੀਂ।
ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ 'ਤੇ ਜਾਂਚ ਤੋਂ ਡਰਦੇ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸੀਬੀਆਈ ਚੀਫ਼ ਨੂੰ ਹਟਾਇਆ ਗਿਆ ਹੈ ਕਿਉਂਕਿ ਉਨ੍ਹਾਂ ਕੋਲ ਸੌਦੇ ਦੀ ਜਾਣਕਾਰੀ ਸੀ ਤੇ ਉਹ ਜਾਂਚ ਸ਼ੁਰੂ ਕਰਨਾ ਚਾਹੁੰਦੇ ਸੀ। ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਡੀਲ ਵਿੱਚ ਸ਼ਾਮਲ ਨਹੀਂ ਸਨ ਤਾਂ ਉਨ੍ਹਾਂ ਨੂੰ ਜਾਂਚ ਕਰਵਾਉਣ 'ਤੇ ਰਾਜ਼ੀ ਹੋਣਾ ਸੀ ਪਰ ਹੁਣ ਉਨ੍ਹਾਂ ਨੂੰ ਨੀਂਦ ਨਹੀਂ ਆ ਰਹੀ।
ਰਾਹੁਲ ਗਾਂਧੀ ਨੇ ਪ੍ਰੈਸ ਕਾਨਫ਼ਰੰਸ ਵਿੱਚ ਕਿਹਾ ਕਿ ਰਾਫ਼ੇਲ ਵਿੱਚ ਭ੍ਰਿਸ਼ਟਾਚਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਦਾਸੋ ਚੀਫ਼ ਨੇ ਕਿਹਾ ਸੀ ਕਿ ਰਿਲਾਇੰਸ ਨੂੰ ਸੌਦਾ ਇਸ ਲਈ ਦਿੱਤਾ ਗਿਆ ਕਿਉਂਕਿ ਉਸ ਕੋਲ ਜ਼ਮੀਨ ਸੀ, ਜਦਕਿ ਬਾਅਦ ਵਿੱਚ ਇਹੋ ਸਾਹਮਣੇ ਆਉਂਦਾ ਹੈ ਕਿ ਦਾਸੋ ਨੇ ਰਿਲਾਇੰਸ ਲਈ ਖ਼ੁਦ ਹੀ ਜ਼ਮੀਨ ਖਰੀਦੀ ਸੀ। ਰਾਹੁਲ ਨੇ ਕਿਹਾ ਕਿ ਜੇ ਜਾਂਚ ਸ਼ੁਰੂ ਹੁੰਦੀ ਹੈ ਤਾਂ ਮੋਦੀ ਨਹੀਂ ਬਚ ਪਾਉਣਗੇ, ਕਿਉਂਕਿ ਇਸ ਸੌਦੇਬਾਜ਼ੀ ਵਿੱਚ ਭ੍ਰਿਸ਼ਟਾਚਾਰ ਹੋਇਆ ਹੈ ਅਤੇ ਦੂਜਾ ਇਸ ਸੌਦੇਬਾਜ਼ੀ ਦੇ ਫੈਸਲੇ ਖ਼ੁਦ ਨਰੇਂਦਰ ਮੋਦੀ ਹੀ ਸਨ, ਜਿਨ੍ਹਾਂ ਅੰਬਾਨੀ ਨੂੰ 30 ਹਜ਼ਾਰ ਕਰੋੜ ਰੁਪਏ ਦਿੱਤੇ ਸਨ।