ਨਵੀਂ ਦਿੱਲੀ: ਦੇਸ਼ ’ਚ ਜਾਨਲੇਵਾ ਕੋਰੋਨਾਵਾਇਰਸ ਦੀ ਦੂਜੀ ਲਹਿਰ ਦੌਰਾਨ ਕਾਂਗਰਸ ਨੇ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਉੱਤੇ ਮੱਠੀ ਰਫ਼ਤਾਰ ਨਾਲ ਟੀਕਾਕਰਨ ਕਰਨ ਦਾ ਦੋਸ਼ ਲਾਇਆ ਹੈ। ਟੀਕਾਕਰਨ ਮੁਹਿੰਮ ਵਿੱਚ ਸੁਧਾਰ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ ਰਾਹੁਲ ਗਾਂਧੀ ਨੇ ਟੀਕਿਆਂ ਦੀ ਘਾਟ ਤੇ ਮੱਠੀ ਰਫ਼ਤਾਰ ਨਾਲ ਟੀਕਾਕਰਣ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਸਰਕਾਰ ਨੂੰ ਕਈ ਸੁਝਾਅ ਵੀ ਦਿੱਤੇ ਹਨ।
ਰਾਹੁਲ ਗਾਂਧੀ ਨੇ ਆਪਣੀ ਚਿੱਠੀ ਵਿੱਚ ਕਿਹਾ ਹੈ, ਦੇਸ਼ ਇਸ ਵੇਲੇ ਮਹਾਮਾਰੀ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਸਾਡੇ ਵਿਗਿਆਨੀਆਂ ਤੇ ਡਾਕਟਰਾਂ ਨੇ ਮਿਲ ਕੇ ਕੋਰੋਨਾ ਨੂੰ ਖ਼ਤਮ ਕਰਨ ਲਈ ਵੈਕਸੀਨ ਬਣਾਈ ਪਰ ਸਰਕਾਰ ਨੇ ਟੀਕਾਕਰਣ ਪ੍ਰੋਗਰਾਮ ਸਹੀ ਤਰੀਕੇ ਨਾਲ ਲਾਗੂ ਹੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਟੀਕਾਕਰਨ ਇੰਨੀ ਮੱਠੀ ਰਫ਼ਤਾਰ ਨਾਲ ਹੋ ਰਿਹਾ ਹੈ ਕਿ 75 ਫ਼ੀਸਦੀ ਲੋਕਾਂ ਨੂੰ ਡੋਜ਼ ਦੇਣ ਵਿੱਚ ਸਾਲਾਂ ਦਾ ਸਮਾਂ ਲੱਗ ਜਾਵੇਗਾ।
ਰਾਹੁਲ ਗਾਂਧੀ ਨੇ ਕਿਹਾ, ਅਸੀਂ ਬਿਨਾ ਕਿਸੇ ਕਾਰਣ ਵਿਦੇਸ਼ਾਂ ’ਚ ਵੈਕਸੀਨ ਦੀ ਡੋਜ਼ ਵੰਡ ਰਹੇ ਹਾਂ, ਜਦ ਕਿ ਸਾਡੇ ਦੇਸ਼ ਦੇ ਕਈ ਰਾਜਾਂ ਵਿੱਚ ਵੈਕਸੀਨ ਦੀ ਭਾਰੀ ਕਮੀ ਵੇਖਣ ਨੂੰ ਮਿਲ ਰਹੀ ਹੈ। ਰਾਜ ਕਈ ਦਿਨਾਂ ਤੋਂ ਟੀਕੇ ਦੀ ਘਾਟ ਦਾ ਮੁੱਦਾ ਚੁੱਕ ਰਹੇ ਹਨ ਤੇ ਕੇਂਦਰੀ ਸਿਹਤ ਮੰਤਰੀ ਗ਼ੈਰ-ਭਾਜਪਾ ਹਕੂਮਤਾਂ ਵਾਲੇ ਰਾਜਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਅੱਜ ਟਵੀਟ ਕੀਤਾ, ਵਧਦੇ ਕੋਰੋਨਾ ਸੰਕਟ ’ਚ ਵੈਕਸੀਨ ਦੀ ਘਾਟ ਇੱਕ ਬੇਹੱਦ ਗੰਭੀਰ ਸਮੱਸਿਆ ਹੈ, ‘ਉਤਸਵ’ ਨਹੀਂ। ਆਪਣੇ ਦੇਸ਼ ਵਾਸੀਆਂ ਨੂੰ ਖ਼ਤਰੇ ਵਿੱਚ ਪਾ ਕੇ ਵੈਕਸੀਨ ਐਕਸਪੋਰਟ ਕੀ ਦਰੁਸਤ ਹੈ? ਕੇਂਦਰ ਸਰਕਾਰ ਸਾਰੇ ਰਾਜਾਂ ਨੂੰ ਬਿਨਾ ਪੱਖਪਾਤ ਦੇ ਮਦਦ ਕਰੇ। ਸਾਨੂੰ ਸਭ ਨੂੰ ਮਿਲ ਕੇ ਇਸ ਮਹਾਮਾਰੀ ਨੂੰ ਹਰਾਉਣਾ ਹੋਵੇਗਾ।
ਇਹ ਵੀ ਪੜ੍ਹੋ: Sonu Sood ਲੈ ਕੇ ਆਏ ਦੇਸੀ ਡ੍ਰਿੰਕ, ਵੀਡੀਓ ਸ਼ੇਅਰ ਕਰ ਕਿਹਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904