ਮੁੰਬਈ : ਸੋਮਵਾਰ ਸ਼ਾਮ ਤੋਂ ਮੁੰਬਈ 'ਚ ਹੋ ਰਹੀ ਭਾਰੀ ਬਾਰਿਸ਼ ਕਾਰਨ ਮੰਗਲਵਾਰ ਨੂੰ ਮੁੰਬਈ 'ਚ ਜਨਜੀਵਨ ਠੱਪ ਹੋ ਕੇ ਰਹਿ ਗਿਆ। ਸੜਕਾਂ ਸਮੁੰਦਰ ਬਣ ਗਈਆਂ। ਰੇਲ ਅਤੇ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋਈ। ਤੇਜ਼ ਹਵਾ ਕਾਰਨ ਦਰਜਨਾਂ ਦਰੱਖ਼ਤ ਡਿੱਗ ਗਏ। ਮੌਸਮ ਵਿਭਾਗ ਨੇ ਭਾਰੀ ਬਾਰਿਸ਼ ਦਾ ਦੌਰ ਅਗਲੇ 24 ਘੰਟੇ ਵੀ ਜਾਰੀ ਰਹਿਣ ਦੀ ਚਿਤਾਵਨੀ ਦਿੱਤੀ ਹੈ। ਬੁੱਧਵਾਰ ਨੂੰ ਸਕੂਲ-ਕਾਲਜ ਬੰਦ ਰਹਿਣਗੇ।

ਮੰਗਲਵਾਰ ਨੂੰ ਮੁੰਬਈ ਵਾਸੀਆਂ ਨੂੰ 26 ਜੁਲਾਈ, 2005 ਦੀ ਯਾਦ ਆ ਗਈ ਜਦੋਂ 24 ਘੰਟੇ 'ਚ 944 ਮਿਲੀਮੀਟਰ ਬਾਰਿਸ਼ ਹੋਈ ਸੀ ਅਤੇ ਸੈਂਕੜੇ ਲੋਕ ਮਾਰੇ ਗਏ ਸਨ। ਮੰਗਲਵਾਰ ਨੂੰ ਵੀ ਉਹੋ ਜਿਹੀ ਹੀ ਸਥਿਤੀ ਬਣਦੀ ਵਿਖਾਈ ਦਿੱਤੀ। ਕੇਵਲ ਤਿੰਨ ਘੰਟੇ 'ਚ 65 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਪ੍ਰੰਤੂ ਸੋਮਵਾਰ ਦੇਰ ਸ਼ਾਮ ਤੋਂ ਸ਼ੁਰੂ ਹੋਈ ਬਾਰਿਸ਼ ਮੰਗਲਵਾਰ ਸ਼ਾਮ ਤਕ ਜਾਰੀ ਸੀ। ਦਫ਼ਤਰਾਂ 'ਚ ਜਲਦੀ ਛੱੁਟੀ ਕਰ ਦਿੱਤੀ ਗਈ ਪ੍ਰੰਤੂ ਲੋਕਾਂ ਨੂੰ ਘਰਾਂ ਤਕ ਪੁੱਜਣ ਲਈ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਮੁੰਬਈ ਦੀ ਜੀਵਨ ਰੇਖਾ ਕਹੀ ਜਾਣ ਵਾਲੀ ਲੋਕਲ ਟ੫ੇਨ ਜਾਂ ਤਾਂ ਠੱਪ ਹੋ ਗਈ ਜਾਂ ਬਹੁਤ ਹੌਲੀ ਗਤੀ ਨਾਲ ਚੱਲ ਰਹੀ ਸੀ। ਪਰੇਲ, ਦਾਦਰ, ਬਾਂਦਰਾ, ਅੰਧੇਰੀ ਦੇ ਹੇਠਲੇ ਇਲਾਕਿਆਂ 'ਚ ਪਾਣੀ ਭਰ ਜਾਣ ਨਾਲ ਸੜਕੀ ਆਵਾਜਾਈ ਪ੍ਰਭਾਵਿਤ ਹੋਈ।

ਆਟੋ ਅਤੇ ਟੈਕਸੀ ਚਾਲਕਾਂ ਨੇ ਪਾਣੀ 'ਚ ਫੱਸ ਜਾਣ ਦੇ ਡਰ ਤੋਂ ਆਪਣੀਆਂ ਸੇਵਾਵਾਂ ਬੰਦ ਕਰ ਦਿੱਤੀਆਂ। ਜ਼ਿਆਦਾ ਪਾਣੀ ਵਾਲੇ ਇਲਾਕਿਆਂ 'ਚ ਬੈਸਟ ਦੀਆਂ ਬੱਸਾਂ ਵੀ ਚੱਲਣੀਆਂ ਬੰਦ ਹੋ ਗਈਆਂ। ਬਾਂਦਰਾ-ਵਰਲੀ ਸੀ ਲਿੰਕ ਨੂੰ ਤੇਜ਼ ਹਵਾਵਾਂ ਅਤੇ ਦਿ੫ਸ਼ਟੀ ਘੱਟ ਹੋਣ ਕਾਰਨ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ। ਪਰੇਲ ਸਥਿਤ ਕੇਈਮ ਹਸਪਤਾਲ ਦੇ ਗਰਾਊਂਡ ਫਲੋਰ 'ਤੇ ਪਾਣੀ ਭਰਨ ਪਿੱਛੋਂ ਲਗਪਗ 30 ਮਰੀਜ਼ਾਂ ਨੂੰ ਹਸਪਤਾਲ ਦੀ ਦੂਸਰੀ ਮੰਜ਼ਿਲ 'ਤੇ ਤਬਦੀਲ ਕੀਤਾ ਗਿਆ। ਜ਼ਿਆਦਾ ਪਾਣੀ ਵਾਲੇ ਇਲਾਕਿਆਂ ਵਿਚੋਂ ਪਾਣੀ ਕੱਢਣ ਲਈ ਬੀਐੱਮਸੀ 130 ਪੰਪਾਂ ਦੀ ਵਰਤੋਂ ਕਰ ਰਹੀ ਹੈ ਪ੍ਰੰਤੂ ਸਮੁੰਦਰ 'ਚ ਜਵਾਰ ਦਾ ਸਮਾਂ ਹੋਣ ਕਾਰਨ ਜਲਨਿਕਾਸੀ 'ਚ ਦਿੱਕਤ ਆ ਰਹੀ ਹੈ।

ਮੱਧ ਰੇਲਵੇ ਦੇ ਸਾਯਨ ਵਰਗੇ ਸਟੇਸ਼ਨਾਂ ਦੀਆਂ ਰੇਲ ਪਟੜੀਆਂ 'ਤੇ ਪਲੇਟਫਾਰਮ ਦੇ ਬਰਾਬਰ ਪਾਣੀ ਭਰ ਗਿਆ। ਇਸੇ ਤਰ੍ਹਾਂ ਪੱਛਮੀ ਰੇਲਵੇ ਰੂਟ 'ਤੇ ਵੀ ਕਈ ਥਾਵਾਂ 'ਤੇ ਪਟੜੀਆਂ ਡੁੱਬ ਗਈਆਂ। ਇਸ ਕਰਕੇ ਲੋਕਲ ਅਤੇ ਲੰਬੀ ਦੂਰੀ ਦੀਆਂ ਰੇਲ ਸੇਵਾਵਾਂ ਮੁਲਤਵੀ ਕਰਨੀਆਂ ਪਈਆਂ। ਰਨਵੇ 'ਤੇ ਪਾਣੀ ਭਰਨ ਅਤੇ ਤੇਜ਼ ਹਵਾਵਾਂ ਕਾਰਨ ਜਹਾਜ਼ਾਂ ਦੀਆਂ ਉਡਾਣਾਂ ਵੀ ਪ੍ਰਭਾਵਿਤ ਹੋਈਆਂ। ਕੁਝ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਤੇ ਕੁਝ ਨਜ਼ਦੀਕੀ ਹਵਾਈ ਅੱਡਿਆਂ ਵੱਲ ਤਬਦੀਲ ਕੀਤੀਆਂ ਗਈਆਂ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਫੋਨ 'ਤੇ ਗੱਲਬਾਤ ਕਰ ਕੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਮੁੰਬਈ 'ਚ ਇਸ ਸਮੇਂ ਗਣੇਸ਼ ਉਤਸਵ ਚੱਲ ਰਿਹਾ ਹੈ। ਥਾਂ-ਥਾਂ ਸਰਵਜਨਿਕ ਗਣੇਸ਼ ਉਤਸਵ ਮੰਡਲਾਂ ਦੀ ਸਥਾਪਨਾ ਕੀਤੀ ਗਈ ਹੈ। ਬਾਰਿਸ਼ 'ਚ ਫਸੇ ਲੋਕਾਂ ਨੂੰ ਰਾਹਤ ਦੇਣ ਲਈ ਅਜਿਹੇ ਕੁਝ ਮੰਡਲਾਂ ਨੇ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਨੌਸੈਨਾ ਨੇ ਕਿਸੇ ਵੀ ਹੰਗਾਮੀ ਹਾਲਤ ਨਾਲ ਨਿਪਟਣ ਲਈ ਆਪਣੇ ਹੈਲੀਕਾਪਟਰ ਅਤੇ ਗੋਤਾਖੋਰ ਤਿਆਰ ਰੱਖੇ ਹਨ। ਇਸ ਦੌਰਾਨ ਐੱਨਡੀਆਰਐੱਫ ਦੀਆਂ ਦੋ ਕੰਪਨੀਆਂ ਨੂੰ ਮੁੰਬਈ ਰਵਾਨਾ ਕਰ ਦਿੱਤਾ ਗਿਆ ਹੈ।